ਚੱਕਾ ਜਾਮ ਨਾਲ ਭਿਆਨਕ ਗਰਮੀ ’ਚ ਯਾਤਰੀ ਹੁੰਦੇ ਰਹੇ ਬੇਹਾਲ
Tuesday, Jun 26, 2018 - 03:38 AM (IST)
ਹੁਸ਼ਿਆਰਪੁਰ, (ਘੁੰਮਣ)- ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦਿਆਂ ਅੱਜ ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੱਸਾਂ ਦਾ ਚੱਕਾ ਜਾਮ ਕਰਦਿਆਂ ਬੱਸ ਸਟੈਂਡ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਯੂਨੀਅਨ ਆਗੂਆਂ ਪਨਬੱਸ ਵਰਕਰਜ਼ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਜਨਰਲ ਸਕੱਤਰ ਸੁਨੀਲ ਕੁਮਾਰ, ਦਵਿੰਦਰ ਸਿੰਘ ਮੰਝਪੁਰ ਮੀਤ ਪ੍ਰਧਾਨ, ਬਲਜੀਤ ਸਿੰਘ ਮੈਂਬਰ ਸੈਂਟਰ ਬਾਡੀ, ਸੀਟੂ ਦੇ ਜ਼ਿਲਾ ਜਨਰਲ ਸਕੱਤਰ ਮਹਿੰਦਰ ਕੁਮਾਰ ਬੱਢੋਆਣ ਅਤੇ ਪ੍ਰਧਾਨ ਕਮਲਜੀਤ ਸਿੰਘ ਰਾਜਪੁਰ ਭਾਈਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਕਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਸਾਂਝੀ ਐਕਸ਼ਨ ਕਮੇਟੀ ਦੇ ਨਿਰਦੇਸ਼ਾਂ ’ਤੇ ਯੂਨੀਅਨ ਆਗੂਆਂ ਨੇ ਸਵੇਰੇ ਹੀ ਬੱਸ ਸਟੈਂਡ ਦੇ ਦੋਵਾਂ ਗੇਟਾਂ ’ਤੇ ਬੱਸਾਂ ਖਡ਼੍ਹੀਆਂ ਕਰ ਦਿੱਤੀਆਂ ਅਤੇ ਦੁਪਹਿਰ ਤੱਕ ਇਕ ਵੀ ਬੱਸ ਅੰਦਰੋਂ ਨਹੀਂ ਚੱਲਣ ਦਿੱਤੀ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਲਈ ਮਜਬੂਰ ਹੋਣਗੇ। ਚੱਕਾ ਜਾਮ ਦੌਰਾਨ ਯਾਤਰੀਆਂ ਨੂੰ ਅੱਤ ਦੀ ਗਰਮੀ ’ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਰੋਡਵੇਜ਼ ਦੀਆਂ ਬੱਸਾਂ 2 ਘੰਟੇ ਦੀ ਹਡ਼ਤਾਲ ’ਚ ਸ਼ਾਮਲ ਹੋਣ ਤੋਂ ਬਾਅਦ ਅਤੇ ਪ੍ਰਾਈਵੇਟ ਬੱਸਾਂ ਸਥਾਨਕ ਰਾਮਗਡ਼੍ਹੀਆ ਜੱਸਾ ਸਿੰਘ ਚੌਕ ਅਤੇ ਮਾਡਲ ਟਾਊਨ ਤੋਂ ਹੀ ਚੱਲੀਆਂ, ਜਿਸ ਦੌਰਾਨ ਯਾਤਰੀਆਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਚੱਕਾ ਜਾਮ ਕਾਰਨ ਰੋਡਵੇਜ਼ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ।
ਕੀ ਹਨ ਯੂਨੀਅਨ ਦੀਆਂ ਮੰਗਾਂ
- ਠੇਕੇ ’ਤੇ ਤਾਇਨਾਤ ਵਰਕਰਾਂ ਨੂੰ ਪੱਕਾ ਕੀਤਾ ਜਾਵੇ
- ਕੱਚੇ ਮੁਲਾਜ਼ਮਾਂ ਦੀ ਤਨਖਾਹ ਵਧਾਈ ਜਾਵੇ
- ਸੁਪਰੀਮ ਕੋਰਟ ਦੇ ਫੈਸਲੇ ‘ਬਰਾਬਰ ਕੰਮ-ਬਰਾਬਰ ਤਨਖ਼ਾਹ’ ਨੂੰ ਲਾਗੂ ਕੀਤਾ ਜਾਵੇ
- ਕਰਜ਼ਾ ਮੁਕਤ ਹੋ ਚੁੱਕੀਆਂ 596 ਪਨਬੱਸਾਂ ਨੂੰ ਰੋਡਵੇਜ਼ ’ਚ ਕੰਟਰੈਕਟ ਸਟਾਫ਼ ਸਮੇਤ ਟਰਾਂਸਫਰ ਕੀਤਾ ਜਾਵੇ,
- ਨਵੀਆਂ ਬੱਸਾਂ ਜਲਦ ਰੋਡਵੇਜ਼ ਮਹਿਕਮੇ ’ਚ ਸ਼ਿਫਟ ਕੀਤੀਆਂ ਜਾਣ
- ਮਹਿਕਮੇ ਅੰਦਰ ਭ੍ਰਿਸ਼ਟਾਚਾਰ ’ਤੇ ਰੋਕ ਲਾਈ ਜਾਵੇ
- ਵਰਕਸ਼ਾਪਾਂ ’ਚ ਸਪੇਅਰ ਪਾਰਟਸ ਪੂਰੇ ਕੀਤੇ ਜਾਣ
- ਪ੍ਰਾਈਵੇਟ ਤੇ ਰੋਡਵੇਜ਼ ਬੱਸਾਂ ਦੇ ਚੱਲਣ ਦੀਆਂ ਟਾਈਮਿੰਗ ਸ਼ਿਫਟਾਂ ਬਣਾਈਆਂ
ਜਾਣ ਅਤੇ ਰੂਟਾਂ ’ਤੇ ਘਟ ਚੁੱਕੇ ਰੋਡਵੇਜ਼ ਦੇ ਫਲੀਟ ਨੂੰ ਵਧਾਇਆ ਜਾਵੇ
