ਗਰਮੀ ਵਧਣ ਦੇ ਨਾਲ ਬਿਜਲੀ ਦੀ ਡਮਾਂਡ ਭਾਰੀ ਵਾਧਾ, 15, 000 ਮੈਗਾਵਾਟ ਨੂੰ ਪਾਰ ਕੀਤੀ ਮੰਗ
Monday, Aug 14, 2023 - 02:26 PM (IST)
ਪਟਿਆਲਾ : ਵੱਧਦੀ ਗਰਮੀ ਅਤੇ ਹੁੰਮਸ ਨਾਲ ਬਿਜਲੀ ਦੀ ਮੰਗ ਵਿਚ ਭਾਰੀ ਵਾਧਾ ਆਇਆ ਹੈ। ਪਿਛਲੇ 4 ਦਿਨਾਂ ’ਚ ਬਿਜਲੀ ਦੀ ਮੰਗ 813 ਮੈਗਾਵਾਟ ਵਧੀ ਹੈ। 9 ਅਗਸਤ ਨੂੰ ਸਭ ਤੋਂ ਵੱਧ ਬਿਜਲੀ ਦੀ ਮੰਗ 14338 ਮੈਗਾਵਾਟ ਸੀ। ਐਤਵਾਰ ਨੂੰ ਸਰਕਾਰੀ ਛੁੱਟੀ ਤੋਂ ਬਾਅਦ ਬਿਜਲੀ ਦੀ ਮੰਗ 15, 000 ਮੈਗਾਵਾਟ ਨੂੰ ਪਾਰ ਕਰ ਗਈ। ਬਿਜਲੀ ਦੀ ਮੰਗ ਵਧਣ ਦੇ ਨਾਲ ਹੀ ਪਾਵਰਕੌਮ ਦੀ ਚਿੰਤਾ ਵੀ ਵੱਧ ਗਈ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੂਬੇ ਦੇ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿਚੋਂ 2 ਯੂਨਿਟ (ਲਹਿਰਾ-ਵਨ ਅਤੇ ਜੀਵੀਕੇ-ਵਨ) ਬਿਜਲੀ ਪੈਦਾ ਕਰਨ ਦੇ ਸਮਰੱਥ ਨਹੀਂ ਹਨ।
ਵੀਰਵਾਰ ਸ਼ਾਮ 5 ਵਜੇ ਸਾਰੇ ਥਰਮਲ ਪਲਾਂਟਾਂ ਅਤੇ ਹੋਰ ਸਰੋਤਾਂ ਤੋਂ 5416 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਪਾਵਰਕੌਮ ਦੇ ਮਾਹਿਰਾਂ ਅਨੁਸਾਰ ਜੇਕਰ ਮੰਗ ਇਸੇ ਤਰ੍ਹਾਂ ਵੱਧਦੀ ਗਈ ਤਾਂ ਸੂਬੇ ਵਿਚ ਸੰਕਟ ਪੈਦਾ ਹੋ ਜਾਵੇਗਾ। ਪੰਜਾਬ ਵਿਚ ਸਿਰਫ਼ 6600 ਮੈਗਾਵਾਟ ਬਿਜਲੀ ਉਤਪਾਦਨ ਹੈ। ਅਜਿਹੇ ’ਚ ਗਰਮੀ ਦੇ ਮੌਸਮ ’ਚ 15000 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰਨਾ ਇਕ ਚੁਣੌਤੀ ਹੈ। ਭਾਵ ਪੰਜਾਬ ਨੂੰ 8500 ਮੈਗਾਵਾਟ ਹੋਰ ਬਿਜਲੀ ਇਕੱਠੀ ਕਰਨੀ ਪਵੇਗੀ ਤਾਂ ਸੂਬੇ ਦੀ ਬਿਜਲੀ ਸਪਲਾਈ ਸੰਭਵ ਹੋ ਸਕੇਗੀ। ਪੰਜਾਬ ਸਰਕਾਰ ਨੂੰ ਸੂਬੇ ਦੀ ਬਿਜਲੀ ਸਪਲਾਈ ਪੂਰੀ ਕਰਨ ਲਈ ਕੇਂਦਰ ਤੋਂ ਬਿਜਲੀ ਖਰੀਦਣੀ ਪੈ ਸਕਦੀ ਹੈ।