ਕ੍ਰਿਕਟ ਮੈਚਾਂ ’ਤੇ ਸੱਟੇਬਾਜ਼ੀ ਦੇ ਦੋਸ਼ ’ਚ 5 ਗ੍ਰਿਫ਼ਤਾਰ
Thursday, Oct 01, 2026 - 06:21 PM (IST)
ਖਰੜ (ਅਮਰਦੀਪ ਸਿੰਘ ਸੈਣੀ) : ਥਾਣਾ ਸਿਟੀ ਖਰੜ ਪੁਲਸ ਨੇ ਅਮਨ ਗ੍ਰੀਨ ਸਿਟੀ, ਹਾਰਟ ਖਰੜ ਵਿਖੇ ਕ੍ਰਿਕਟ ਮੈਚਾਂ ’ਤੇ ਸੱਟੇਬਾਜ਼ੀ ਕਰਨ ਦੇ ਮਾਮਲੇ ਵਿਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ, ਏ.ਟੀ.ਐੱਮ. ਕਾਰਡ, ਨਕਦੀ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਸਬ-ਡਵੀਜ਼ਨ ਖਰੜ-1 ਜੇ ਡੀਐੱਸਪੀ ਇੰਸ਼ਾਨ ਸਿੰਗਲਾ ਨੇ ਦੱਸਿਆ ਕਿ ਥਾਣਾ ਸਿਟੀ ਖਰੜ ਦੇ ਮੁੱਖ ਅਫ਼ਸਰ ਇੰਸਪੈਕਟਰ ਅਮਰਿੰਦਰ ਸਿੰਘ ਸਿੱਧੂ ਸਨੀ ਇਨਕਲੇਵ ਪੁਲਸ ਚੌਂਕੀ ਇੰਚਾਰਜ ਐੱਸਆਈ ਚਰਨਜੀਤ ਸਿੰਘ ਰਾਮੇਵਾਲ ਦੀ ਅਗਵਾਈ ਹੇਠ ਪੁਲਸ ਟੀਮ ਨੇ 30 ਸਤੰਬਰ ਨੂੰ ਅਮਨ ਗ੍ਰੀਨ ਸਿਟੀ, ਹਾਰਟ ਖਰੜ ਦੇ ਫਲੈਟ ਨੰਬਰ 52 ਵਿਚ ਛਾਪੇਮਾਰੀ ਕੀਤੀ।
ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਜੇਸ਼ ਕੁਮਾਰ, ਯੋਗੇਸ਼ ਕੁਮਾਰ, ਸੁਭਾਸ਼ ਕੁਮਾਰ, ਵਿਕਾਸ ਭੱਟੀ ਅਤੇ ਨਰੰਜਣ ਵਜੋਂ ਹੋਈ ਹੈ। ਪੁਲਸ ਦਾ ਦੋਸ਼ ਹੈ ਕਿ ਮੁਲਜ਼ਮ ਕ੍ਰਿਕਟ ਮੈਚਾਂ ’ਤੇ ਸੱਟੇਬਾਜ਼ੀ ਲਈ ਬੁੱਕੀ ਵਜੋਂ ਕੰਮ ਕਰ ਰਹੇ ਸਨ ਅਤੇ ਵੱਡੇ ਪੱਧਰ ’ਤੇ ਸੱਟੇਬਾਜ਼ੀ ਕਰਵਾ ਰਹੇ ਸਨ। ਪੁਲਸ ਨੇ ਇਹ ਵੀ ਦਾਅਵਾ ਕੀਤਾ ਕਿ ਮੁਲਜ਼ਮਾਂ ਕੋਲ ਵੱਖ-ਵੱਖ ਅਖਬਾਰੀ ਅਦਾਰਿਆਂ ਜਾਅਲੀ ਪਛਾਣ ਪੱਤਰ ਅਤੇ ਹੋਰ ਦਸਤਾਵੇਜ਼ ਮੌਜੂਦ ਸਨ। ਪੁਲਸ ਨੇ ਇਸ ਸਬੰਧੀ ਗੈਂਬਲਿੰਗ ਐਕਟ ਦੀ ਧਾਰਾ 13-ਏ, ਐਕਸਾਈਜ਼ ਐਕਟ ਦੀ ਧਾਰਾ 61-1-14 ਅਤੇ ਬੀ.ਐੱਨ.ਐੱਸ. ਦੀਆਂ ਧਾਰਾਵਾਂ 318(4), 336(3), 338 ਅਤੇ 340(2) ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਥਿਤ ਸੱਟੇਬਾਜ਼ੀ ਦਾ ਨੈੱਟਵਰਕ ਹੋਰ ਕਿਹੜੀਆਂ ਥਾਵਾਂ ਤੱਕ ਫੈਲਿਆ ਹੋਇਆ ਹੈ।
