ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ PSPCL ਵਲੋਂ ਵੱਡੀ ਰਾਹਤ, ਕੁਨੈਕਸ਼ਨ ਕੱਟਣ 'ਤੇ ਤੁਰੰਤ ਪ੍ਰਭਾਵ ਨਾਲ ਲਾਈ ਰੋਕ

Tuesday, Sep 29, 2026 - 10:07 AM (IST)

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ PSPCL ਵਲੋਂ ਵੱਡੀ ਰਾਹਤ, ਕੁਨੈਕਸ਼ਨ ਕੱਟਣ 'ਤੇ ਤੁਰੰਤ ਪ੍ਰਭਾਵ ਨਾਲ ਲਾਈ ਰੋਕ

ਚੰਡੀਗੜ੍ਹ (ਅੰਕੁਰ) : ਬਿਜਲੀ ਬਿਲਿੰਗ ਨਾਲ ਸਬੰਧਿਤ ਸਮੱਸਿਆਵਾਂ ਕਾਰਨ ਗਲਤ ਜਾਂ ਵੱਧ ਕੇ ਆਏ ਬਿੱਲਾਂ ਦਾ ਸਾਹਮਣਾ ਕਰ ਰਹੇ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਆਪਣੇ ਫੀਲਡ ਦਫ਼ਤਰਾਂ ਨੂੰ ਘਰੇਲੂ ਸਪਲਾਈ ਖ਼ਪਤਕਾਰਾਂ ਦੇ ਬਕਾਏ ਕਾਰਨ ਕੁਨੈਕਸ਼ਨ ਕੱਟਣ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਫ਼ੈਸਲਾ ਉਨ੍ਹਾਂ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਨ੍ਹਾਂ ਨੂੰ ਗਲਤ ਜਾਂ ਵੱਧ ਕੇ ਬਿਜਲੀ ਦੇ ਬਿੱਲ ਮਿਲੇ ਹਨ ਅਤੇ ਇਹ ਰਕਮਾਂ ਬਿਲਿੰਗ ਪ੍ਰਣਾਲੀ ’ਚ ਬਕਾਇਆ ਵਜੋਂ ਦਰਜ ਹੋ ਗਈਆਂ ਹਨ। ਪੀ. ਐੱਸ. ਪੀ. ਸੀ. ਐੱਲ. ਨੇ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਬਿਲਿੰਗ ਪ੍ਰਣਾਲੀ ਸੁਚਾਰੂ ਨਹੀਂ ਹੋ ਜਾਂਦੀ ਅਤੇ ਗਲਤ ਬਿੱਲਾਂ ਨੂੰ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਜਿਹੇ ਖ਼ਪਤਕਾਰਾਂ ਖ਼ਿਲਾਫ਼ ਕੁਨੈਕਸ਼ਨ ਕੱਟਣ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ!

ਡਾਇਰੈਕਟਰ/ਵੰਡ, ਪੀ. ਐੱਸ. ਪੀ. ਸੀ. ਐੱਲ. ਪਟਿਆਲਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਮੀਟਰ ਰੀਡਰਾਂ ਦੀ ਹਾਲੀਆ ਹੜਤਾਲ ਤੇ ਸੈਪ/ਨਾਨ-ਸੈਪ ਸਿਸਟਮ ਨੂੰ ਓਰੇਕਲ ਆਧਾਰਿਤ ਸਮਾਰਟ ਬਿਲਿੰਗ ਸਿਸਟਮ (ਐੱਸ. ਬੀ. ਐੱਸ.) ’ਚ ਬਦਲਣ ਦੀ ਚੱਲ ਰਹੀ ਪ੍ਰਕਿਰਿਆ ਕਾਰਨ ਕਈ ਘਰੇਲੂ ਖ਼ਪਤਕਾਰਾਂ ਨੂੰ ਔਸਤ ਜਾਂ ਅਨੁਮਾਨਿਤ ਆਧਾਰ 'ਤੇ ਬਿੱਲ ਭੇਜੇ ਗਏ ਹਨ। ਕਈ ਖ਼ਪਤਕਾਰਾਂ ਨੂੰ ਅਜਿਹੇ ਬਿੱਲ ਮਿਲੇ ਹਨ, ਜੋ ਉਨ੍ਹਾਂ ਦੀ ਅਸਲ ਬਿਜਲੀ ਦੀ ਖ਼ਪਤ ਨਾਲ ਮੇਲ ਨਹੀਂ ਖਾਂਦੇ, ਜਿਸ ਕਾਰਨ ਫੀਲਡ ਦਫ਼ਤਰਾਂ ’ਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ। ਅਜਿਹੇ ਮਾਮਲਿਆਂ ’ਚ ਗ਼ਲਤ ਬਿੱਲ ਦੀ ਰਕਮ ਸਿਸਟਮ ’ਚ ਬਕਾਇਆ ਵਜੋਂ ਦਿਖਾਈ ਦੇ ਰਹੀ ਹੈ, ਜਿਸ ਨਾਲ ਪ੍ਰਭਾਵਿਤ ਕੁਨੈਕਸ਼ਨ ਕੱਟੇ ਜਾਣ ਦੇ ਦਾਇਰੇ ’ਚ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ SIR ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ ਅਹਿਮ ਬਿਆਨ, ਵਿਰੋਧੀਆਂ ਪਾਰਟੀਆਂ ਨੂੰ ਦਿੱਤਾ ਜਵਾਬ

ਖ਼ਪਤਕਾਰਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਸਮਝਦਿਆਂ ਪੀ. ਐੱਸ. ਪੀ. ਸੀ. ਐੱਲ. ਨੇ ਹੁਣ ਹੁਕਮ ਦਿੱਤੇ ਹਨ ਕਿ ਐੱਸ. ਬੀ. ਐੱਸ. ਸਿਸਟਮ ਦੇ ਸੁਚਾਰੂ ਹੋਣ ਅਤੇ ਗਲਤ ਜਾਂ ਵੱਧ ਕੇ ਆਏ ਬਿੱਲਾਂ ਦੇ ਠੀਕ ਹੋਣ ਤੱਕ ਘਰੇਲੂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਈ ਜਾਵੇ। ਫੀਲਡ ਦਫ਼ਤਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਤੇ ਇਸ ਹੁਕਮ ਦੇ ਦਾਇਰੇ ’ਚ ਆਉਂਦੇ ਮਾਮਲਿਆਂ ’ਚ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਨਾ ਕਰਨ। ਪੀ. ਐੱਸ. ਪੀ. ਸੀ. ਐੱਲ. ਦਾ ਇਹ ਨਿਰਦੇਸ਼ ਕਾਰਪੋਰੇਸ਼ਨ ਦੇ ਸਮੂਹ ਮੁੱਖ ਇੰਜੀਨੀਅਰਾਂ/ਵੰਡ ਅਤੇ ਸਪਲਾਈ ਜ਼ੋਨਾਂ ਨੂੰ ਜਾਰੀ ਕੀਤਾ ਗਿਆ ਹੈ ਅਤੇ ਇਸ ਦੀ ਇਕ ਕਾਪੀ ਐੱਸ. ਈ./ਓ. ਐੱਸ. ਡੀ. ਤੋਂ ਸੀ. ਐੱਮ. ਡੀ., ਪੀ. ਐੱਸ. ਪੀ. ਸੀ. ਐੱਲ. ਪਟਿਆਲਾ ਨੂੰ ਭੇਜੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170

 


author

Babita

Content Editor

Related News