ਹਿਮਾਚਲ ’ਚ ਬਰਫ਼ਬਾਰੀ ਨਾਲ ਖਿੜੇ ਚਿਹਰੇ, ਪੰਜਾਬ ਅਤੇ ਹਰਿਆਣਾ ’ਚ ਮੀਂਹ ਨਾਲ ਡਿੱਗਿਆ ਤਾਪਮਾਨ
Saturday, Oct 10, 2026 - 06:18 AM (IST)
ਸ਼ਿਮਲਾ/ਚੰਡੀਗੜ੍ਹ (ਸੰਤੋਸ਼) : ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਅਤੇ ਵਿਚਕਾਰਲੇ ਤੇ ਦਰਮਿਆਨੇ ਇਲਾਕਿਆਂ ਵਿਚ ਪਏ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਪੂਰੇ ਸੂਬੇ ਵਿਚ ਸਵੇਰੇ ਅਤੇ ਸ਼ਾਮ ਦੇ ਸਮੇਂ ਠੰਡ ਦਾ ਅਸਰ ਕਾਫ਼ੀ ਵਧ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਲਾਹੌਲ-ਸਪੀਤੀ, ਕਿੰਨੌਰ, ਕੁੱਲੂ ਅਤੇ ਚੰਬਾ ਦੀਆਂ ਉੱਚੀਆਂ ਚੋਟੀਆਂ ’ਤੇ ਹਲਕੀ ਬਰਫ਼ਬਾਰੀ ਅਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ।
ਪਹਾੜਾਂ ’ਤੇ ਮੌਸਮ ਬਦਲਣ ਨਾਲ ਜਨਜਾਤੀ ਤੇ ਪਹਾੜੀ ਇਲਾਕਿਆਂ ਵਿਚ ਪਾਰਾ ਸਿਫ਼ਰ ਦੇ ਨੇੜੇ ਪਹੁੰਚ ਗਿਆ ਹੈ। ਉੱਥੇ ਹੀ ਪੰਜਾਬ-ਹਰਿਆਣਾ ਦੇ ਜ਼ਿਲਿਆਂ ਵਿਚ ਮੀਂਹ ਦੇਖਣ ਨੂੰ ਮਿਲਿਆ। ਕਈ ਥਾਵਾਂ ’ਤੇ ਗੜ੍ਹੇਮਾਰੀ ਵੀ ਹੋਈ ਜਿਸ ਨਾਲ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ, ਪੱਛਮੀ ਗੜਬੜੀ ਅਤੇ ਚੱਕਰਵਾਤੀ ਗੇੜ ਦੇ ਸਰਗਰਮ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲਿਆਂ ਵਿਚ 10 ਤੋਂ 11 ਅਕਤੂਬਰ ਦੌਰਾਨ ਗਰਜ-ਚਮਕ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ ਹੈ। ਉੱਥੇ ਹੀ ਸ਼ਿਮਲਾ ਵਿਚ 13 ਅਕਤੂਬਰ ਤੱਕ ਕੁਝ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਉੱਚੇ ਪਹਾੜੀ ਖੇਤਰਾਂ ਵਿਚ ਬਰਫ਼ਬਾਰੀ ਦੇ ਆਸਾਰ ਹਨ।
ਇਹ ਵੀ ਪੜ੍ਹੋ : ਦਿੱਲੀ 'ਚ CJP ਪ੍ਰਦਰਸ਼ਨ ਕਾਰਨ ਉੱਤਰ ਰੇਲਵੇ ਨੇ 250 ਤੋਂ ਵੱਧ ਟ੍ਰੇਨਾਂ ਕੀਤੀਆਂ ਰੱਦ
ਉੱਤਰਾਖੰਡ ’ਚ ਗੜ੍ਹੇਮਾਰੀ, ਗੱਡੀਆਂ ਦੇ ਸ਼ੀਸ਼ੇ ਟੁੱਟੇ
ਦੇਹਰਾਦੂਨ : ਉੱਤਰਾਖੰਡ ਦੇ ਊਧਮ ਸਿੰਘ ਨਗਰ ਅਤੇ ਹਰਿਦੁਆਰ ਜ਼ਿਲਿਆਂ ਵਿਚ ਸ਼ੁੱਕਰਵਾਰ ਨੂੰ ਕਈ ਥਾਵਾਂ ’ਤੇ ਭਾਰੀ ਗੜ੍ਹੇਮਾਰੀ ਹੋਈ, ਜਿਸ ਨਾਲ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ। ਊਧਮ ਸਿੰਘ ਨਗਰ ਜ਼ਿਲੇ ਦੇ ਬਾਜਪੁਰ ਵਿਚ ਭਾਰੀ ਗੜ੍ਹੇਮਾਰੀ ਨਾਲ ਨੁਕਸਾਨ ਦੀ ਸੂਚਨਾ ਮਿਲਣ ’ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਉੱਥੇ ਹੀ, ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਸੂਬਾ ਸਰਕਾਰ ਤੋਂ ਹਰਿਦੁਆਰ ਸਮੇਤ ਹੋਰ ਪ੍ਰਭਾਵਿਤ ਖੇਤਰਾਂ ਵਿਚ ਨੁਕਸਾਨ ਦਾ ਸਰਵੇਖਣ ਕਰਵਾਉਣ ਅਤੇ ਲੋਕਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ। ਅਧਿਕਾਰੀਆਂ ਅਨੁਸਾਰ, ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਹਲਦਵਾਨੀ ਤੋਂ ਦੇਹਰਾਦੂਨ ਪਰਤ ਰਹੇ ਸਨ ਕਿ ਦੁਪਹਿਰ ਲੱਗਭਗ 12 ਵਜੇ ਗੜ੍ਹੇਮਾਰੀ ਅਤੇ ਉਸ ਨਾਲ ਹੋਏ ਨੁਕਸਾਨ ਦੀ ਸੂਚਨਾ ਮਿਲਣ ’ਤੇ ਖ਼ਰਾਬ ਮੌਸਮ ਦੇ ਬਾਵਜੂਦ ਉਹ ਬਾਜ਼ਪੁਰ ਵੱਲ ਰਵਾਨਾ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
