ਜੀਜੇ-ਸਾਲੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰ ’ਚ ਵਿਛੇ ਸੱਥਰ

Thursday, Feb 02, 2023 - 08:19 PM (IST)

ਜੀਜੇ-ਸਾਲੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰ ’ਚ ਵਿਛੇ ਸੱਥਰ

ਗੁਰਦਾਸਪੁਰ (ਵਿਨੋਦ)-ਪਿੰਡ ਕਲੇਰ ਕਲਾਂ ਦੇ ਨਜ਼ਦੀਕ ਮੋਟਰਸਾਈਕਲ ’ਤੇ ਸਵਾਰ ਸਾਲੇ-ਜੀਜੇ ਨੂੰ ਇਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਇਸ ਰੂਹ ਕੰਬਾਊ ਹਾਦਸੇ ਦੌਰਾਨ ਜੀਜੇ ਦੀ ਮੌਤ ਹੋ ਗਈ, ਜਦਕਿ ਸਾਲਾ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪੁਲਸ ਨੇ ਟਿੱਪਰ ਨੂੰ ਕਬਜ਼ੇ ’ਚ ਲੈ ਕੇ ਟਿੱਪਰ ਚਾਲਕ ਦੇ ਖ਼ਿਲਾਫ਼ ਧਾਰਾ 304ਏ, 279,337,427 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀ ਅਜੇ ਫਰਾਰ ਹੈ। ਇਸ ਸਬੰਧੀ ਜ਼ਖ਼ਮੀ ਅਜੇ ਮਸੀਹ ਪੁੱਤਰ ਜਸਪਾਲ ਮਸੀਹ ਵਾਸੀ ਭੰਡਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਦੋ ਸਾਲ ਪਹਿਲਾਂ ਅਜੇ ਪੁੱਤਰ ਉਮਾ ਵਾਸੀ ਔਜਲਾ ਜ਼ਿਲ੍ਹਾ ਗੁਰਦਾਸਪੁਰ ਨਾਲ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ (ਵੀਡੀਓ)

ਉਨ੍ਹਾਂ ਦਾ ਇਕ ਸਾਲ ਦਾ ਲੜਕਾ ਵੀ ਹੈ। ਉਸ ਨੇ ਦੱਸਿਆ ਕਿ ਉਸ ਦਾ ਜੀਜਾ 1 ਫਰਵਰੀ 23 ਨੂੰ ਸਾਡੇ ਪਿੰਡ ਭੰਡਾਲ ਆਇਆ ਸੀ ਤੇ ਅੱਜ ਮੈਨੂੰ ਮੇਰਾ ਜੀਜਾ ਆਪਣੇ ਮੋਟਰਸਾਈਕਲ ਨੰਬਰ ਪੀ. ਬੀ.18 ਐੱਮ 7582 ’ਤੇ ਸਵਾਰ ਹੋ ਕੇ ਬੱਸ ਅੱਡਾ ਨੌਸ਼ਹਿਰਾ ਮੱਝਾ ਸਿੰਘ ਬੱਸ ’ਤੇ ਚੜ੍ਹਾਉਣ ਲਈ ਜਾ ਰਿਹਾ ਸੀ ਅਤੇ ਮੇਰਾ ਜੀਜਾ ਮੋਟਰਸਾਈਕਲ ਚਲਾ ਰਿਹਾ ਸੀ। ਜਦੋਂ ਅਸੀਂ ਸਰਕਾਰੀ ਸਕੂਲ ਪਿੰਡ ਕਲੇਰ ਕਲਾਂ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਇਕ ਟਿੱਪਰ ਨੰਬਰ ਪੀਬੀ06 ਵੀ 0271 ਤੇਜ਼ ਰਫ਼ਤਾਰ, ਬਿਨਾਂ ਹਾਰਨ ਵਜਾਏ ਲਾਪਰਵਾਹੀ ਨਾਲ ਆਇਆ ਅਤੇ ਸਾਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਮੇਰਾ ਜੀਜਾ ਅਜੇ ਟਿੱਪਰ ਦੇ ਹੇਠਾਂ ਆ ਕੇ ਮੋਟਰਸਾਈਕਲ ਸਮੇਤ ਫਸ ਗਿਆ, ਜਦਕਿ ਸਾਈਡ ਵੱਜਣ ਕਾਰਨ ਮੈਂ ਕੱਚੀ ਥਾਂ ’ਤੇ ਡਿੱਗ ਗਿਆ। ਮੈਂ ਤੇ ਮੇਰੇ ਜੀਜੇ ਨੇ ਚੀਕਾਂ ਮਾਰੀਆਂ ਪਰ ਟਿੱਪਰ ਵਾਲੇ ਨੇ ਆਪਣਾ ਟਿੱਪਰ ਨਹੀਂ ਰੋਕਿਆ ਤੇ ਘੜੀਸਦਾ ਹੋਇਆ ਅੱਗੇ ਲੈ ਗਿਆ, ਜਿਸ ਕਾਰਨ ਮੇਰੇ ਜੀਜੇ ਦਾ ਸਿਰ ਟਿੱਪਰ ਦੇ ਪਿਛਲੇ ਟਾਇਰਾਂ ਦੇ ਹੇਠਾਂ ਆ ਗਿਆ ਤੇ ਉਸ ਦੇ ਲੱਕ ਦੇ ਉਪਰੋਂ ਦੀ ਲੰਘ ਗਿਆ। ਇਸ ਹਾਦਸੇ ’ਚ ਉਸ ਦੀ ਮੌਤ ਹੋ ਗਈ, ਜਦਕਿ ਟਿੱਪਰ ਚਾਲਕ ਟਿੱਪਰ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ।


author

Manoj

Content Editor

Related News