ਵਿਸ਼ਵ ਹਾਰਟ ਦਿਵਸ ’ਤੇ ਵਿਸ਼ੇਸ਼: ਸਰਦੀਆਂ ''ਚ ਕਿਉਂ ਵਧੇਰੇ ਹੁੰਦੈ ਹਾਰਟ ਅਟੈਕ? ਜਾਣੋ ਲੱਛਣ ਤੇ ਬਚਾਅ ਦੇ ਢੰਗ

Friday, Sep 29, 2023 - 06:31 PM (IST)

ਵਿਸ਼ਵ ਹਾਰਟ ਦਿਵਸ ’ਤੇ ਵਿਸ਼ੇਸ਼: ਸਰਦੀਆਂ ''ਚ ਕਿਉਂ ਵਧੇਰੇ ਹੁੰਦੈ ਹਾਰਟ ਅਟੈਕ? ਜਾਣੋ ਲੱਛਣ ਤੇ ਬਚਾਅ ਦੇ ਢੰਗ

ਤਰਨਤਾਰਨ (ਰਮਨ)- ਇਨਸਾਨ ਵਲੋਂ ਕੁਝ ਜ਼ਰੂਰੀ ਸਾਵਧਾਨੀਆਂ ਵਰਤਣ ਨਾਲ ਦਿਲ ਦੇ ਦੌਰੇ ਤੋਂ ਬਚਿਆ ਜਾ ਸਕਦਾ ਹੈ। ਅੱਜ ਦੇਸ਼ ਵਿਚ ਹਰ ਇਨਸਾਨ ਆਪਣੇ ਕੰਮਾਂਕਾਰਾਂ ਵਿਚ ਇੰਨਾ ਜ਼ਿਆਦਾ ਵਿਅਸਤ ਹੋ ਗਿਆ ਹੈ ਕਿ ਉਸ ਦਾ ਆਪਣੀ ਸਿਹਤ ਪ੍ਰਤੀ ਧਿਆਨ ਘੱਟਦਾ ਜਾ ਰਿਹਾ ਹੈ। ਜਿਸ ਨਾਲ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਅੱਗੇ ਜਾ ਕੇ ਹਾਰਟ ਅਟੈਕ (ਦਿਲ ਦਾ ਦੌਰਾ) ਦਾ ਮੁੱਖ ਕਾਰਨ ਬਣਦੇ ਜਾ ਰਹੇ ਹਨ। ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਆਪਣੇ ਕੰਮ ਕਾਜ ਦੇ ਨਾਲ-ਨਾਲ ਆਪਣੇ ਸਰੀਰ ਵੱਲ ਵੀ ਵਿਸ਼ੇਸ਼ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਅਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਾਅਦ ਹਾਰਟ ਅਟੈਕ ਦੀ ਬੀਮਾਰੀ ਤੋਂ ਬਚ ਸਕਦੇ ਹਾਂ। ਜ਼ਿਕਰਯੋਗ ਹੈ ਕਿ ਸਰਦੀਆਂ ਵਿਚ ਇਨਸਾਨ ਖਾਸ ਕਰਕੇ ਬਜ਼ੁਰਗ ਹਾਰਟ ਅਟੈਕ ਆਉਣ ਦੇ ਜ਼ਿਆਦਾ ਸ਼ਿਕਾਰ ਬਣ ਜਾਦੇਂ ਹਨ ਜਿਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ।

ਜਾਣਕਾਰੀ ਅਨੁਸਾਰ ਇਨਸਾਨ ਦੇ ਸਰੀਰ ਦੇ ਸਾਰੇ ਹਿੱਸਿਆਂ ਵਿਚ ਖੂਨ ਦੀ ਸਪਲਾਈ ਕਰਨ ਵਿਚ ਪੰਪ ਦਾ ਕੰਮ ਕਰਦਾ ਹੈ ਜੋ ਇਕ ਮਿੰਟ ਵਿਚ ਕਰੀਬ 72 ਵਾਰ ਧੜਕਦਾ ਹੈ। ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਨਾੜਾਂ ਵਿਚ ਖੂਨ ਦੀ ਸਪਲਾਈ ਕਰਨ ਦਾ ਅਹਿਮ ਰੋਲ ਅਦਾ ਕਰਦਾ ਹੈ ਜਿਸ ਨਾਲ ਇਨਸਾਨ ਜਿੰਦਾ ਰਹਿੰਦਾ ਹੈ। ਇਨਸਾਨ ਦੇ ਦਿਲ ਨੂੰ ਜਾਣ ਵਾਲੀਆਂ ਮੁੱਖ ਨਾੜਾਂ ਜਿਵੇਂ ਕਿ ਲੈਫਟ ਕੌਰਨਰੀ ਆਰਟਰੀ ਜੋ ਖੂਨ ਦੀ ਸਪਲਾਈ ਕਰਨ ਦਾ ਮੁੱਖ ਕੰਮ ਕਰਦੀ ਹੈ ਅਤੇ ਰਾਈਟ ਕੌਰਨਰੀ ਆਰਟੀ (ਨਾੜਾਂ) ਵਿਚ ਖੂਨ ਦੀ ਸਪਲਾਈ ਘੱਟ ਜਾਣ ਕਾਰਨ ਹਾਰਟ ਪੰਪ ਕਰਨਾ ਘੱਟ ਕਰ ਦਿੰਦਾ ਹੈ ਜਿਸ ਨਾਲ ਅਟੈਕ ਆਉਂਦਾ ਹੈ।ਕਈ ਵਾਰ ਇਨ੍ਹਾਂ ਨਾੜਾਂ ਵਿਚ ਖੂਨ ਦੇ ਜੰਮ ਜਾਣ ਕਾਰਨ ਜਾਂ ਫਿਰ ਖੂਨ ਦੀ ਸਪਲਾਈ ਦੀ ਜ਼ਿਆਦਾ ਘਾਟ ਹੋਣ ਕਾਰਨ ਹਾਰਟ ਅਟੈਕ ਆ ਸਕਦਾ ਹੈ।

ਇਹ ਵੀ ਪੜ੍ਹੋ- ਸਕਾਲਰਸ਼ਿਪ ਲੈਣ ਵਾਲੇ ਵਿਦਿਆਰਥੀ ਹੋਏ ਮਾਲਾਮਾਲ, ਗ਼ਲਤੀ ਪਤਾ ਚੱਲਦਿਆਂ ਵਿਭਾਗ ਨੇ ਦਿੱਤੇ ਸਖ਼ਤ ਹੁਕਮ

ਗੱਲਬਾਤ ਕਰਦੇ ਹੋਏ ਦਿਲ ਰੋਗਾਂ ਦੇ ਮਾਹਿਰ ਅਤੇ ਮੈਡੀਕੇਅਰ ਹਾਰਟ ਸੈਂਟਰ ਸਰਹਾਲੀ ਰੋਡ ਤਰਨਤਾਰਨ ਦੇ ਮਾਲਕ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਹਾਰਟ ਅਟੈਕ ਆਉਣ ਨਾਲ ਇਨਸਾਨ ਦੇ ਖੱਬੇ ਪਾਸੇ ਛਾਤੀ ਵਿਚ ਤੇਜ਼ ਦਰਦ, ਖੱਬੇ ਪਾਸੇ ਬਾਂਹ ਵਿਚ ਦਰਦ, ਸੀਨੇ ਵਿਚ ਦਰਦ, ਪੇਟ ਦੇ ਕੁਝ ਹੇਠ ਹਿੱਸੇ ਵਿਚ ਦਰਦ, ਨਾ ਸਹਾਰਨ ਵਾਲੀ ਤੇਜ਼ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸ਼ੂਗਰ ਵਾਲੇ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਕਈ ਵਾਰ ਤੇਜ਼ ਦਰਦ ਨਹੀਂ ਹੁੰਦੀ ਪਰ ਉਨ੍ਹਾਂ ਨੂੰ ਤਰੇਲੀਆਂ ਆਉਣਾ, ਸਰੀਰ ਸਾਥ ਨਾ ਦੇਣਾ, ਸਾਹ ਚੜਨਾ, ਪਸੀਨਾ ਆਉਣਾ, ਕਮਜ਼ੋਰੀ ਜਲਦ ਆ ਜਾਣੀ, ਸਾਹ ਘੁੱਟਣਾ ਆਦਿ ਲੱਛਣ ਸਾਹਮਣੇ ਆ ਜਾਂਦੇ ਹਨ। ਇਸ ਕਾਰਨ 20-25 ਫੀਸਦੀ ਮਰੀਜ਼ਾਂ ਦੀ ਮੌਕੇ ’ਤੇ ਹੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨਸਾਨ ਨੂੰ ਆਪਣਾ ਹਰ ਮਹੀਨੇ ਮਾਹਿਰ ਡਾਕਟਰ ਦੀ ਸਲਾਹ ਲੈਂਦੇ ਹੋਏ ਖੂਨ ਦੇ ਜ਼ਰੂਰੀ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਦਿਲ ਰੋਗਾਂ ਦੇ ਮਾਹਿਰ ਅਤੇ ਅਜੀਤ ਨਰਸਿੰਗ ਹੋਮ ਮਹਿੰਦਰਾ ਐਵੀਨਿਉ ਤਰਨਤਾਰਨ ਦੇ ਮਾਲਕ ਡਾ. ਅਜੀਤ ਸਿੰਘ ਨੇ ਦੱਸਿਆ ਕਿ ਹਾਰਟ ਅਟੈਕ ਆਉਣ ’ਤੇ ਮਰੀਜ਼ ਨੂੰ ਤੁਰੰਤ ਮਾਹਿਰ ਡਾਕਟਰ ਪਾਸ ਲਿਜਾਣਾ ਚਾਹੀਦਾ ਹੈ, ਜਿਸ ਤੋਂ ਬਾਅਦ ਉਸ ਦੀ ਈ.ਸੀ.ਜੀ, ਐਂਜੀਓਗ੍ਰਾਫੀ ਕੀਤੀ ਜਾਂਦੀ ਹੈ। ਸਥਿਤੀ ਦਾ ਪਤਾ ਲੱਗਣ ਉਪਰੰਤ ਉਸ ਦਾ ਇਲਾਜ ਮਾਹਿਰ ਡਾਕਟਰ ਵਲੋਂ ਸ਼ੁਰੂ ਕੀਤਾ ਜਾਂਦਾ ਹੈ ਅਤੇ ਉਸ ਨੂੰ ਜੇ 3 ਘੰਟੇ ’ਚ ਮਾਹਿਰ ਡਾਕਟਰ ਵਲੋਂ ਇਲਾਜ ਦੌਰਾਨ ਨਾੜ ਵਿਚ ਵਿਸ਼ੇਸ਼ ਟੀਕਾ ਲਗਾਉਣ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਣਜਾਨ ਡਾਕਟਰ ਕੋਲ ਜਾਣ ਨਾਲ ਸਮੱਸਿਆ ਹੋਰ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਖਾਣ ਪੀਣ ਅਤੇ ਕਸਰਤ ਵੱਲ ਵਿਸ਼ੇਸ਼ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਵਾਇਰਲ ਵੀਡੀਓ ਦੀ ਸੱਚਾਈ ਆਈ ਸਾਹਮਣੇ, ਪਤੀ ਦੀ ਕਰਤੂਤ ਜਾਣ ਕੰਬ ਜਾਵੇਗੀ ਰੂਹ

ਇਸ ਸਬੰਧੀ ਗੱਲਬਾਤ ਕਰਦੇ ਹੋਏ ਪੇਟ ਰੋਗਾਂ ਦੇ ਮਾਹਿਰ ਅਤੇ ਅਮਨਦੀਪ ਕਮਲ ਹਸਪਤਾਲ, ਤਰਨਤਾਰਨ ਦੇ ਮਾਲਕ ਡਾਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਮਰੀਜ਼ ਨੂੰ ਸ਼ੂਗਰ, ਬੀ.ਪੀ ਅਤੇ ਭਾਰ ਨੂੰ ਕੰਟਰੋਲ ਕਰਕੇ, ਖੂਨ ਵਿਚ ਚਰਬੀ ਨੂੰ ਕੰਟਰੋਲ ਕਰਦੇ ਹੋਏ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ। ਇਨਸਾਨ ਨੂੰ ਸਰਦੀਆਂ ਵਿਚ ਸੈਰ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਬੀ.ਪੀ ਜ਼ਿਆਦਾ ਵੱਧਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਹਾਰਟ ਅਟੈਕ ਹੋਣ ਦਾ ਜ਼ਿਆਦਾ ਖ਼ਤਰਾ ਬਣਿਆ ਰਹਿੰਦਾ ਹੈ। ਮਰੀਜ਼ਾਂ ਨੂੰ ਨਮਕ ਅਤੇ ਘਿਓ ਦੀ ਘੱਟ ਵਰਤੋਂ ਕਰਦੇ ਹੋਏ ਸਿਹਤ ਨੂੰ ਠੀਕ ਰੱਖਣਾ ਚਾਹੀਦਾ ਹੈ।

ਆਲ ਇੱਜ ਵੈੱਲ ਕਲੀਨਿਕ ਧਾਲੀਵਾਲ ਹਸਪਤਾਲ ਤਰਨਤਾਰਨ ਦੇ ਮਾਲਕ ਅਤੇ ਡਾਈਟੀਸ਼ੀਅਨ ਪਵਨ ਚਾਵਲਾ ਨੇ ਦੱਸਿਆ ਕਿ ਜ਼ਿਆਦਾ ਘਿਓ, ਮੱਖਣ ਅਤੇ ਫਰਾਈ ਵਸਤੂਆਂ ਦੀ ਵਰਤੋਂ ਕਰਨ ਨਾਲ ਇਨਸਾਨ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੰਕ ਫੂਡ ਤੋਂ ਗੁਰੇਜ ਕਰਨ ਨਾਲ ਇਨਸਾਨ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦਾ ਹੈ। ਪਵਨ ਚਾਵਲਾ ਨੇ ਦੱਸਿਆ ਕਿ ਇਨਸਾਨ ਨੂੰ ਤੰਦਰੁਸਤ ਰਹਿਣ ਲਈ ਹਰੀਆਂ ਸਬਜ਼ੀਆਂ, ਮੈਡੀਟੇਸ਼ਨ ਕਰਨਾ, ਪਾਣੀ ਪੀਣ ਦੀ ਵੱਧ ਵਰਤੋਂ, ਸੈਰ ਕਰਨਾ, ਸੂਰਜ ਛਿੱਪਣ ਤੋਂ ਪਹਿਲਾਂ ਰੋਟੀ ਖਾਣਾ ਅਤੇ ਸਮੇਂ ਸਿਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਨਸਾਨ ਨੂੰ ਬਾਜ਼ਾਰੀ ਖਾਣ ਪੀਣ ਤੋਂ ਗੁਰੇਜ ਕਰਦੇ ਹੋਏ ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- 12 ਸਾਲ ਤੱਕ ਵੇਚੀਆਂ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓਜ਼, ਪਤਨੀ ਬਣਾਉਣ ਮਗਰੋਂ ਕਰ 'ਤਾ ਵੱਡਾ ਕਾਂਡ

ਸਰਕਾਰੀ ਹਸਪਤਾਲ ਕਸੇਲ ਦੇ ਐੱਸ.ਐੱਮ.ਓ ਅਤੇ ਵਿਸ਼ੇਸ਼ ਸਰਜਨ ਡਾ. ਜੇ.ਪੀ ਸਿੰਘ ਨੇ ਦੱਸਿਅ ਕਿ ਹਾਰਟ ਦੀ ਬੀਮਾਰੀ ਤੋਂ ਬਚਣ ਲਈ ਇਨਸਾਨ ਨੂੰ ਹਮੇਸ਼ਾ ਮਾਹਿਰ ਡਾਕਟਰ ਨਾਲ ਸੰਪਰਕ ਕਰਦੇ ਹੋਏ ਸਹੀ ਖਾਣ ਪੀਣ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਕ ਸਰਵੇ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਦਿਲ ਦੀਆਂ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਰੋਜ਼ਾਨਾ ਭਾਰਤ ਅੰਦਰ 1 ਲੱਖ ਪਿੱਛੇ 280 ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ’ਚ ਨੌਜਵਾਨਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।ਦਿਲ ਦੇ ਰੋਗਾਂ ਦੇ ਸ਼ਿਕਾਰ ਮਰੀਜ਼ ਅੱਜ ਕੱਲ ਸਾਈਲੈਂਟ ਅਟੈੱਕ ਦੇ ਸ਼ਿਕਾਰ ਹੋਣ ਲੱਗ ਪਏ ਹਨ। ਇਨਸਾਨ ਨੂੰ ਆਪਣੇ ਕੰਮਕਾਜ ਵਿਚੋਂ ਸਰੀਰ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News