ਵਾਰਡਬੰਦੀ ’ਤੇ ਹਾਈਕੋਰਟ ’ਚ ਸੁਣਵਾਈ ਸ਼ੁਰੂ, ਪਟੀਸ਼ਨ ਮਨਜ਼ੂਰ ਹੋਣ ਨਾਲ ਵਿਰੋਧੀ ਪਾਰਟੀਆਂ ਦੇ ਚਿਹਰੇ ਖਿੜੇ

Friday, Jul 21, 2023 - 11:08 AM (IST)

ਵਾਰਡਬੰਦੀ ’ਤੇ ਹਾਈਕੋਰਟ ’ਚ ਸੁਣਵਾਈ ਸ਼ੁਰੂ, ਪਟੀਸ਼ਨ ਮਨਜ਼ੂਰ ਹੋਣ ਨਾਲ ਵਿਰੋਧੀ ਪਾਰਟੀਆਂ ਦੇ ਚਿਹਰੇ ਖਿੜੇ

ਜਲੰਧਰ (ਖੁਰਾਣਾ)–ਕਾਂਗਰਸੀ ਆਗੂ ਰਾਜਿੰਦਰ ਬੇਰੀ, ਜਗਦੀਸ਼ ਦਕੋਹਾ ਅਤੇ ਅਮਨ ਵੱਲੋਂ ਜਲੰਧਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਤਿਆਰ ਕੀਤੀ ਗਈ ਪ੍ਰਸਤਾਵਿਤ ਵਾਰਡਬੰਦੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ। ਹਾਈਕੋਰਟ ਵਿਚ ਪਟੀਸ਼ਨ ਮਨਜ਼ੂਰ ਹੋਣ ਤੋਂ ਬਾਅਦ ਵੀਰਵਾਰ ਉਸ ’ਤੇ ਪਹਿਲੀ ਸੁਣਵਾਈ ਵੀ ਹੋਈ। ਇਸ ਦੌਰਾਨ ਪਟੀਸ਼ਨਕਰਤਾਵਾਂ ਵੱਲੋਂ ਐਡਵੋਕੇਟ ਐੱਚ. ਪੀ. ਐੱਸ. ਈਸ਼ਰ, ਮਹਿਤਾਬ ਸਿੰਘ ਖਹਿਰਾ ਅਤੇ ਪਰਮਿੰਦਰ ਸਿੰਘ ਵਿਗ ਨੇ ਹਾਈਕੋਰਟ ਦੇ ਡਬਲ ਬੈਂਚ ਦੇ ਜੱਜਾਂ ਰਾਜਮੋਹਨ ਸਿੰਘ ਅਤੇ ਹਰਪ੍ਰੀਤ ਸਿੰਘ ਬਰਾੜ ਦੇ ਸਾਹਮਣੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਅਤੇ ਸਟੇਅ ਆਰਡਰ ਦੀ ਮੰਗ ਰੱਖੀ। ਪੰਜਾਬ ਸਰਕਾਰ ਵੱਲੋਂ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਸੋਨੀ ਅਤੇ ਉਨ੍ਹਾਂ ਦੇ ਸਹਿਯੋਗੀ ਅਦਾਲਤ ਵਿਚ ਮੌਜੂਦ ਰਹੇ ਅਤੇ ਉਨ੍ਹਾਂ ਵੱਖ-ਵੱਖ ਦਲੀਲਾਂ ਦੇ ਕੇ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ।

ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਸੁਣਵਾਈ ਦੀ ਅਗਲੀ ਮਿਤੀ 29 ਅਗਸਤ ਨੂੰ ਨਿਰਧਾਰਿਤ ਕੀਤੀ ਹੈ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਕਰ ਦਿੱਤਾ ਹੈ। ਸੁਣਵਾਈ ਦੀ ਅਗਲੀ ਮਿਤੀ ’ਤੇ ਵਾਰਡਬੰਦੀ ਨਾਲ ਸਬੰਧਤ ਸਾਰਾ ਰਿਕਾਰਡ ਅਦਾਲਤ ਵਿਚ ਤਲਬ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਇਸ ਸਹੂਲਤ 'ਤੇ ਮਿਲ ਰਹੀ ਸਬਸਿਡੀ 'ਚ ਪੰਜਾਬ ਸਰਕਾਰ ਕਰ ਸਕਦੀ ਹੈ ਵਾਧਾ

ਹੁਣ ਹੋਰਨਾਂ ਪਟੀਸ਼ਨਾਂ ਦਾ ਰਸਤਾ ਖੁੱਲ੍ਹਿਆ
ਚੋਣਾਂ ਨਾਲ ਸਬੰਧਤ ਪਟੀਸ਼ਨ ਬਹੁਤ ਘੱਟ ਮਾਮਲਿਆਂ ਵਿਚ ਹੀ ਹਾਈਕੋਰਟ ਵੱਲੋਂ ਮਨਜ਼ੂਰ ਕੀਤੀ ਜਾਂਦੀ ਹੈ ਪਰ ਜਲੰਧਰ ਨਿਗਮ ਦੀ ਵਾਰਡਬੰਦੀ ਨੂੰ ਚੈਲੇਂਜ ਕਰਨ ਵਾਲੀ ਇਸ ਪਟੀਸ਼ਨ ਦੇ ਮਨਜ਼ੂਰ ਹੋਣ ਅਤੇ ਉਸ ’ਤੇ ਸੁਣਵਾਈ ਵੀ ਹੋਣ ਕਾਰਨ ਵਿਰੋਧੀ ਪਾਰਟੀਆਂ ਦੇ ਚਿਹਰੇ ਖਿੜ ਉੱਠੇ ਹਨ ਅਤੇ ਪਟੀਸ਼ਨਾਂ ਨੂੰ ਦਾਇਰ ਕਰਨ ਦਾ ਰਸਤਾ ਵੀ ਖੁੱਲ੍ਹ ਗਿਆ ਹੈ।

ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ ਆਗੂ ਮਨੋਰੰਜਨ ਕਾਲੀਆ ਵੱਲੋਂ ਵੀ ਪਾਰਟੀ ਵੱਲੋਂ ਅਜਿਹੀ ਪਟੀਸ਼ਨ ਹਾਈ ਕੋਰਟ ਵਿਚ ਦਾਇਰ ਕੀਤੀ ਜਾ ਸਕਦੀ ਹੈ। ਕਾਂਗਰਸ ਪਾਰਟੀ ਵੱਲੋਂ ਵਿਧਾਇਕ ਪਰਗਟ ਸਿੰਘ ਅਤੇ ਹੋਰ ਵੀ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾ ਸਕਦੇ ਹਨ। ਹਾਈ ਕੋਰਟ ਵਿਚ ਸੁਣਵਾਈ ਸ਼ੁਰੂ ਹੋਣ ’ਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਸਰਕਾਰ ਨੂੰ ਵੀ ਵਾਰਡਬੰਦੀ ਦੇ ਮਾਮਲੇ ਵਿਚ ਫੂਕ-ਫੂਕ ਕੇ ਕਦਮ ਰੱਖਣੇ ਹੋਣਗੇ।

ਇਹ ਵੀ ਪੜ੍ਹੋ-  ਸੁਲਤਾਨਪੁਰ ਲੋਧੀ ਵਿਖੇ ਚਾਚੇ ਦੀ ਪ੍ਰੇਮਿਕਾ ਵੱਲੋਂ ਬੱਚੇ ਨੂੰ ਕਤਲ ਕਰਨ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News