ਅਣਢਕੀਆਂ ਤੇ ਗੰਦੇ ਹੱਥਾਂ ਨਾਲ ਤਿਆਰ ਖਾਣ ਵਾਲੀਆਂ ਚੀਜ਼ਾਂ ਵਿਗਾੜ ਸਕਦੀਆਂ ਹਨ ਸਿਹਤ
Monday, Apr 30, 2018 - 01:06 AM (IST)

ਕਾਠਗੜ੍ਹ, (ਰਾਜੇਸ਼)- ਅਕਸਰ ਹੀ ਸਕੂਲਾਂ, ਕਾਲਜਾਂ, ਮੇਲਿਆਂ, ਤਿਉਹਾਰਾਂ, ਗਲੀਆਂ, ਮੁਹੱਲਿਆਂ ਵਿਚ ਗੋਲ-ਗੱਪੇ, ਟਿੱਕੀ-ਚਾਟ, ਬਰਗਰ, ਨੂਡਲਜ਼, ਗੰਨੇ ਦਾ ਰਸ, ਜੂਸ ਤੇ ਹੋਰ ਖਾਣ-ਪੀਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੇਹੜੀਆਂ ਵਾਲਿਆਂ ਵੱਲੋਂ ਆਮ ਹੀ ਵੇਚਿਆ ਜਾ ਰਿਹਾ ਹੈ। ਇਨ੍ਹਾਂ ਪਦਾਰਥਾਂ ਨੂੰ ਵੇਚਣ ਵਾਲੇ ਜ਼ਿਆਦਾਤਰ ਮੈਲੇ-ਕੁਚੈਲੇ ਹੱਥਾਂ ਨਾਲ ਹੀ ਇਨ੍ਹਾਂ ਨੂੰ ਤਿਆਰ ਕਰਦੇ ਹਨ ਅਤੇ ਫਿਰ ਬਿਨਾਂ ਢਕੇ ਅਤੇ ਬਿਨਾਂ ਗਲੱਵਜ਼ ਆਦਿ ਪਹਿਨੇ ਹੀ ਲੋਕਾਂ ਨੂੰ ਖੁਆਉਂਦੇ ਰਹਿੰਦੇ ਹਨ। ਅਣਢਕੀਆਂ ਚੀਜ਼ਾਂ 'ਤੇ ਮੱਖੀਆਂ ਨੂੰ ਭਿਣ-ਭਿਣ ਕਰਦੇ ਆਮ ਦੇਖਿਆ ਜਾਂਦਾ ਹੈ ਅਤੇ ਉਸ ਵੇਲੇ ਬੜੀ ਹੈਰਾਨੀ ਹੁੰਦੀ ਹੈ ਜਦੋਂ ਕੁਝ ਰੇਹੜੀਆਂ ਨੂੰ ਗੰਦੇ ਪਾਣੀ ਦੇ ਨਾਲਿਆਂ ਦੇ ਨਜ਼ਦੀਕ ਖੜ੍ਹੇ ਦੇਖਿਆ ਜਾਂਦਾ ਹੈ।
ਬੀਤੇ ਦਿਨੀਂ ਵਿਸਾਖੀ ਦੇ ਮੇਲੇ ਦੌਰਾਨ ਗੋਲ-ਗੱਪੇ ਵੇਚਣ ਵਾਲਿਆਂ ਵੱਲੋਂ ਤਿਆਰ ਪਾਣੀ ਤੋਂ ਆ ਰਹੀ ਬਦਬੂ ਤੋਂ ਜਾਪਦਾ ਸੀ ਜਿਵੇਂ ਉਹ ਕਈ ਦਿਨ ਪੁਰਾਣਾ ਹੋਵੇ। ਬੀੜੀ, ਸਿਗਰਟ ਜਾਂ ਜਰਦਾ ਖਾਣ ਦੇ ਆਦੀ ਉਕਤ ਰੇਹੜੀਆਂ ਵਾਲੇ ਕਈ ਵਾਰ ਤਾਂ ਆਪਣੇ ਹੱਥ ਵੀ ਸਾਫ ਪਾਣੀ ਨਾਲ ਨਹੀਂ ਧੋਂਦੇ ਅਤੇ ਬਰਤਨਾਂ ਨੂੰ ਸਿਰਫ ਇਕ ਹੀ ਪਾਣੀ 'ਚ ਧੋ ਕੇ ਸਾਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪਾਨ ਆਦਿ ਖਾਣ ਵਾਲੇ ਰੇਹੜੀ ਦੇ ਨਜ਼ਦੀਕ ਹੀ ਥੁੱਕਦੇ ਰਹਿੰਦੇ ਹਨ, ਜਿਨ੍ਹਾਂ ਨੂੰ ਕਹਿਣ ਦਾ ਕੋਈ ਹੌਸਲਾ ਹੀ ਨਹੀਂ ਕਰਦਾ।
ਗੰਦੇ ਪਦਾਰਥਾਂ ਕਾਰਨ ਵਧ ਰਹੀਆਂ ਹਨ ਬੀਮਾਰੀਆਂ
ਗੰਦਗੀ ਯੁਕਤ ਪਦਾਰਥਾਂ ਦੇ ਸੇਵਨ ਕਾਰਨ ਹੀ ਅੱਜ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਉਲਟੀਆਂ ਜਾਂ ਦਸਤ ਲੱਗਣੇ, ਇਨਫੈਕਸ਼ਨ, ਕਮਜ਼ੋਰੀ ਆਦਿ ਜਕੜ ਰਹੀਆਂ ਹਨ, ਜੋ ਕਈ ਵਾਰ ਤਾਂ ਕਾਫੀ ਘਾਤਕ ਰੂਪ ਅਖਤਿਆਰ ਕਰ ਜਾਂਦੀਆਂ ਹਨ।
ਸਿਹਤ ਵਿਭਾਗ ਕਰੇ ਸਖ਼ਤਾਈ
ਬੁੱਧੀਜੀਵੀ ਵਰਗ ਦੀ ਮੰਗ ਹੈ ਕਿ ਖੁੱਲ੍ਹੇਆਮ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਵੇਚਣ ਵਾਲਿਆਂ ਦੀ ਚੈਕਿੰਗ ਕੀਤੀ ਜਾਵੇ ਅਤੇ ਜੋ ਵੀ ਵਿਅਕਤੀ ਸਫਾਈ ਪ੍ਰਤੀ ਲਾਪ੍ਰਵਾਹੀ ਵਰਤਦਾ ਪਾਇਆ ਜਾਂਦਾ ਹੈ, ਉਸ ਪ੍ਰਤੀ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕ ਅਣਚਾਹੀਆਂ ਬੀਮਾਰੀਆਂ ਦਾ ਸ਼ਿਕਾਰ ਨਾ ਹੋ ਸਕਣ। ਹੁਣ ਗਰਮੀ ਦੇ ਮੌਸਮ ਵਿਚ ਠੰਡੀਆਂ ਚੀਜ਼ਾਂ ਖਾਣ ਅਤੇ ਪੀਣ ਵਾਲੇ ਠੰਡੇ ਪਦਾਰਥਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪ੍ਰੰਤੂ ਇਨ੍ਹਾਂ ਨੂੰ ਵੇਚਣ ਵਾਲੇ ਕਿਹੋ-ਜਿਹਾ ਪਾਣੀ ਵਰਤਦੇ ਹਨ ਜਾਂ ਉਸ ਨੂੰ ਢਕ ਕੇ ਕਿਵੇਂ ਰੱਖਦੇ ਹਨ, ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।