ਪਹਾੜਾਂ ’ਤੇ ਮਸੂਰੀ ਘੁੰਮਣ ਗਏ ਨੌਜਵਾਨਾਂ ਦੀ ਗੱਡੀ ਪਲਟੀ, ਮੁੰਡਿਆਂ ਨਾਲ ਖਹਿ ਕੇ ਲੰਘੀ ਮੌਤ
Wednesday, Jul 09, 2025 - 01:16 PM (IST)
 
            
            ਰਾਜਪੁਰਾ (ਹਰਵਿੰਦਰ) : ਰਾਜਪੁਰਾ ਨੇੜੇ ਪਿੰਡ ਗੰਡਾਖੇੜੀ ਦੇ ਨੇੜੇ ਆਪਣੀ ਪੈਲੀ ’ਚ ਬਣਾਏ ਡੇਰੇ ’ਚ ਰਹਿੰਦੇ ਕਿਸਾਨ ਭਾਗ ਸਿੰਘ ਦੇ ਪਰਿਵਾਰ ਦੇ ਨੌਜਵਾਨ ਲੜਕੇ, ਜੋ ਕਿ ਇਕ ਗੱਡੀ ’ਚ ਸਵਾਰ ਹੋ ਕੇ ਪਹਾੜਾਂ ਦੀ ਸੈਰ ਕਰਨ ਗਏ ਸਨ, ਉਥੇ ਮਸੂਰੀ ਦੇ ਨੇੜੇ ਉਨ੍ਹਾਂ ਦੀ ਗੱਡੀ ਅਚਾਨਕ ਸੜਕ ਤੋਂ ਥੱਲੇ ਲਹਿ ਜਾਣ ਕਾਰਨ ਖੱਡ ਵਾਲੇ ਪਾਸੇ ਪਲਟ ਗਈ ਪਰ ਅੱਗੇ ਦਰੱਖਤਾਂ ਨਾਲ ਅੜ ਜਾਣ ਕਾਰਨ ਗੱਡੀ ਡੂੰਘੀ ਖੱਡ ’ਚ ਡਿੱਗਣ ਤੋਂ ਬਚ ਗਈ, ਜਿਸ ਕਾਰਨ ਗੱਡੀ ’ਚ ਸਵਾਰ ਸਾਰੇ ਨੌਜਵਾਨ ਵਾਲ-ਵਾਲ ਬਚ ਗਏ ਅਤੇ ਸਾਰੇ ਸੁਰੱਖਿਅਤ ਹਨ।
ਗੱਡੀ ’ਚ ਤਰਮਨਜੋਤ ਸਿੰਘ, ਤਰਨਜੋਤ ਸਿੰਘ, ਮਨਸਹਿਜ ਸਿੰਘ, ਨਵਜੋਤ ਸਿੰਘ, ਗੁਰਸੇਵਕ ਸਿੰਘ ਅਤੇ ਗੱਡੀ ਚਲਾ ਰਿਹਾ ਪਰਮਜੋਤ ਸਿੰਘ ਸਵਾਰ ਸਨ, ਜੋ ਸਾਰੇ ਹੀ ਪ੍ਰਮਾਤਮਾ ਦੀ ਕਿਰਪਾ ਸਦਕਾ ਇਸ ਸੜਕ ਹਾਦਸੇ ’ਚ ਵਾਲ-ਵਾਲ ਬਚ ਗਏ, ਜਦੋਂ ਉਕਤ ਨੌਜਵਾਨਾਂ ਦੇ ਦਾਦੇ ਭਾਗ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੱਡੀ ਪਲਟਣ ਦੀ ਸੂਚਨਾ ਮਿਲੀ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਦਾ ਪੋਤਾ ਅਤੇ ਦੋਹਤਾ ਬਿਲਕੁਲ ਸੁਰੱਖਿਤ ਹਨ ਅਤੇ ਜਲਦ ਹੀ ਉਹ ਘਰ ਪਰਤ ਆਉਣਗੇ।

 
                     
                             
                             
                             
                             
                             
                             
                             
                             
                             
                             
                             
                             
                             
                            