ਪੰਜਾਬ ਸਰਕਾਰ ਵੱਲੋਂ ਕੋਰੋਨਾ ਯੋਧੇ ਬਣੇ ''ਸਿਹਤ ਕਾਮਿਆਂ'' ਨਾਲ ਧੱਕਾ, ਰਾਤੋ-ਰਾਤ ਦਿੱਤਾ ਵੱਡਾ ਝਟਕਾ

Wednesday, Oct 07, 2020 - 12:39 PM (IST)

ਪੰਜਾਬ ਸਰਕਾਰ ਵੱਲੋਂ ਕੋਰੋਨਾ ਯੋਧੇ ਬਣੇ ''ਸਿਹਤ ਕਾਮਿਆਂ'' ਨਾਲ ਧੱਕਾ, ਰਾਤੋ-ਰਾਤ ਦਿੱਤਾ ਵੱਡਾ ਝਟਕਾ

ਚੰਡੀਗੜ੍ਹ : ਕੋਰੋਨਾ ਕਾਲ ਦੌਰਾਨ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰਕੇ ਕੋਰੋਨਾ ਯੋਧੇ ਬਣੇ 20 ਹਜ਼ਾਰ ਸਿਹਤ ਕਾਮਿਆਂ ਨਾਲ ਪੰਜਾਬ ਸਰਕਾਰ ਵੱਲੋਂ ਧੱਕਾ ਕਰਦੇ ਹੋਏ ਉਨ੍ਹਾਂ ਨੂੰ ਰਾਤੋ-ਰਾਤ ਵੱਡਾ ਝਟਕਾ ਦਿੱਤਾ ਗਿਆ ਹੈ। ਅਸਲ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਸੂਬੇ 'ਚ ਕੋਵਿਡ ਕੇਅਰ ਸੈਂਟਰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਕਾਰਨ ਰੋਜ਼ਾਨਾ ਮਿਹਨਤਾਨਾ 'ਤੇ ਰੱਖੇ 20 ਹਜ਼ਾਰ ਉੱਚ ਦਰਜਾ ਸਿਹਤ ਮੁਲਾਜ਼ਮ ਰਾਤੋ-ਰਾਤ ਵਿਹਲੇ ਹੋ ਗਏ ਹਨ।

ਇਸ ਤੋਂ ਬਾਅਦ ਇਨ੍ਹਾਂ ਕੋਰੋਨਾ ਯੋਧਿਆਂ 'ਚ ਸਰਕਾਰ ਖ਼ਿਲਾਫ਼ ਰੋਸ ਦੀ ਲਹਿਰ ਪੈਦਾ ਹੋ ਗਈ ਹੈ। ਸੂਬੇ ਦੇ ਸਿਹਤ ਮਹਿਕਮੇ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਸਕੀਮ ਤਹਿਤ ਕੋਵਿਡ ਤੋਂ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਸੂਬੇ 'ਚ ਡਾਕਟਰ, ਫਾਰਮਾਸਿਸਟ, ਸਟਾਫ਼ ਨਰਸਾਂ, ਲੈਬ ਤਕਨੀਸ਼ੀਅਨ ਆਦਿ ਕਰੀਬ 20 ਹਜ਼ਾਰ ਕਾਮਿਆਂ ਨੂੰ ਮੁੱਢਲੀ ਸਿਖਲਾਈ ਮਗਰੋਂ ਕੋਵਿਡ ਕੇਅਰ ਸੈਂਟਰਾਂ 'ਚ ਤਾਇਨਾਤ ਕੀਤਾ ਸੀ ਪਰ ਹੁਣ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ।

ਸਿਹਤ ਕਾਮਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਖ਼ਤਰੇ 'ਚ ਪਾ ਕੇ ਈਮਾਨਦਾਰੀ ਨਾਲ ਡਿਊਟੀ ਕੀਤੀ ਪਰ ਉਨ੍ਹਾਂ ਨੂੰ 3 ਮਹੀਨੇ ਤੋਂ ਕੋਈ ਮਿਹਨਤਾਨਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਸੇਵਾਵਾਂ ਬਦਲਵੇਂ ਢੰਗ ਨਾਲ ਚਾਲੂ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਰਕਾਰੀ ਪੱਕੀ ਨੌਕਰੀ ਹੋਣ ਦੀ ਝਾਕ 'ਚ ਪ੍ਰਾਈਵੇਟ ਹਸਪਤਾਲਾਂ 'ਚੋਂ ਨੌਕਰੀ ਛੱਡ ਕੇ ਆਏ ਸਨ ਪਰ ਇੱਥੋਂ ਉਨ੍ਹਾਂ ਨੂੰ ਖਾਲੀ ਹੀ ਤੋਰ ਦਿੱਤਾ ਗਿਆ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੌਕਰੀ ਛੱਡਣ ਲਈ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੈ।


 


author

Babita

Content Editor

Related News