ਸਿਹਤ ਵਿਭਾਗ ਦੀ ਟੀਮ ਨੇ 1 ਦਰਜਨ ਖਾਣ-ਪੀਣ ਵਾਲੀਅਾਂ ਵਸਤੂਅਾਂ ਦੇ ਸੈਂਪਲ ਕੀਤੇ ਸੀਲ

Wednesday, Jul 25, 2018 - 07:06 AM (IST)

ਸਿਹਤ ਵਿਭਾਗ ਦੀ ਟੀਮ ਨੇ 1 ਦਰਜਨ ਖਾਣ-ਪੀਣ ਵਾਲੀਅਾਂ ਵਸਤੂਅਾਂ ਦੇ ਸੈਂਪਲ ਕੀਤੇ ਸੀਲ

ਤਰਨਤਾਰਨ,   (ਰਮਨ)-  ‘ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੇ ਹੁਕਮਾਂ ਤਹਿਤ ਅਤੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਨਿਰਦੇਸ਼ਾਂ ਤਹਿਤ  ਅੱਜ ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੀ ਸਾਂਝੀ ਟੀਮ ਵੱਲੋਂ ਪੱਟੀ ਅਤੇ ਤਰਨਤਾਰਨ ਸ਼ਹਿਰ ’ਚ ਮੌਜੂਦ ਖਾਣ-ਪੀਣ ਦੀਆਂ ਦੁਕਾਨਾਂ ਤੋਂ ਇਲਾਵਾ ਕੇਲਿਆਂ ਨੂੰ ਪਕਾਉਣ ਵਾਲੇ ਮਿੰਨੀ ਗੋਦਾਮ ’ਚ ਛਾਪੇਮਾਰੀ ਕਰਦੇ ਹੋਏ ਕਰੀਬ 1 ਦਰਜਨ ਵਸਤੂਆਂ ਦੇ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜ ਦਿੱਤੇ ਹਨ।
ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਫੂਡ ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸ਼ਹਿਰ ਦੀਆਂ ਵੱਖ-ਵੱਖ ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਚੈਕਿੰਗ ਦੌਰਾਨ ਦੁੱਧ, ਘਿਉ, ਪਨੀਰ, ਦਹੀਂ ਦੇ ਸੈਂਪਲ ਲਏ   ਗਏ ਹਨ, ਜਿਨ੍ਹਾਂ ਨੂੰ ਸੀਲ ਕਰ ਕੇ ਲੈਬਾਰਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੱਟੀ ਵਿਖੇ ਇਕ ਕੱਚੇ ਕੇਲਿਅਾਂ ਨੂੰ ਤਿਆਰ ਕਰ ਕੇ ਪਕਾਉਣ ਵਾਲੇ ਮਿੰਨੀ ਗੋਦਾਮ ’ਤੇ ਛਾਪੇਮਾਰੀ ਕੀਤੀ ਹੈ, ਜਿਸ ਤੋਂ ਇਹ ਸ਼ੱਕ ਪੈਂਦਾ ਹੈ ਕਿ ਕੱਚੇ ਕੇਲਿਆਂ ਨੂੰ ਪਕਾਉਣ ਲਈ ਕਿਸੇ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਗੋਦਾਮ ਮਾਲਕ ਦਾ ਇਹ ਦਾਅਵਾ ਹੈ ਕਿ ਉਹ ਕੇਲਿਅਾਂ ਨੂੰ ਗੈਸ ਨਾਲ ਪਕਾਉਂਦੇ ਹਨ, ਜਿਸ ਸਬੰਧੀ  ਉਨ੍ਹਾਂ ਕੇਲਿਅਾਂ ਦੇ ਸੈਂਪਲ ਸੀਲ ਕਰ ਕੇ ਲੈਬਾਰਟਰੀ ਜਾਂਚ ਲਈ ਭੇਜ ਦਿੱਤੇ ਹਨ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਸਭ ਸਾਹਮਣੇ ਆ ਜਾਵੇਗਾ। 
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਥਾਨਕ ਸ਼ਹਿਰ ਦੇ ਹਲਵਾਈਆਂ ਨੂੰ ਮੀਟਿੰਗ ਰਾਹੀਂ ਜਾਗਰੂਕ ਕੀਤਾ ਗਿਆ ਹੈ ਕਿ ਉਹ ਸਾਫ-ਸੁਥਰੀਆਂ ਵਸਤੂਆਂ ਹੀ ਵੇਚਣ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਨਾ ਹੋ ਸਕੇ। ਇਸ ਮੌਕੇ ਡੇਅਰੀ ਵਿਭਾਗ ਤੋਂ ਪਰਮਜੀਤ ਸਿੰਘ, ਫੂਡ ਸੇਫਟੀ ਅਫਸਰ ਜਤਿੰਦਰ ਸਿੰਘ ਤੋਂ ਇਲਾਵਾ ਅਜੈ ਸ਼ਰਮਾ, ਪ੍ਰਦੀਪ ਸ਼ਰਮਾ, ਜੈਦੀਪ ਸ਼ਰਮਾ, ਗਗਨ ਸ਼ਰਮਾ, ਸੁਭਾਸ਼ ਸ਼ਰਮਾ, ਗੁਰਜੀਤ ਸਿੰਘ ਅਰੋਡ਼ਾ, ਕੁੱਕੂ ਡੇਅਰੀ ਵਾਲੇ, ਸਵਿੰਦਰ ਸਿੰਘ ਆਦਿ ਦੁਕਾਨਦਾਰ ਹਾਜ਼ਰ ਸਨ।


Related News