ਅੰਤਿਮ ਸੰਸਕਾਰ ਮੌਕੇ ਖੁੱਲ੍ਹੀ ਸਿਹਤ ਵਿਭਾਗ ਦੀ ਪੋਲ, ਪਿੰਡ ''ਚ ਗਰਮਾਇਆ ਮਾਹੌਲ
Saturday, Jul 18, 2020 - 11:09 PM (IST)
ਮੁਕੇਰੀਆਂ,(ਨਾਗਲਾ) : ਮੁਕੇਰਿਆ ਦੇ ਪਿੰਡ ਟਾਂਡਾ ਰਾਮ ਸਾਹਿਬ ਵਿਖੇ ਅੱਜ ਸਿਹਤ ਵਿਭਾਗ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਪੀੜਤ ਪਰਿਵਾਰ ਸਮੇਤ ਪਿੰਡ ਦੇ ਲੋਕਾਂ 'ਚ ਕਾਫੀ ਰੋਸ ਤੇ ਗੁੱਸਾ ਹੈ। ਜਾਣਕਾਰੀ ਮੁਤਾਬਕ ਅੱਜ ਮੁਕੇਰੀਆਂ ਦੇ ਪਿੰਡ ਟਾਂਡਾ ਰਾਮ ਸਾਹਿਬ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਕੋਰੋਨਾ ਪਾਜ਼ੇਟਿਵ ਬਜ਼ੁਰਗ ਦੇ ਅੰਤਿਮ ਸੰਸਕਾਰ ਮੌਕੇ ਬਜ਼ੁਰਗ ਦੀ ਲਾਸ਼ ਦੀ ਬਜਾਏ ਇਕ ਅਣਪਛਾਤੀ ਬੀਬੀ ਦੀ ਲਾਸ਼ ਨਿਕਲੀ।
ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੇਟਿਵ 92 ਸਾਲਾਂ ਮਰੀਜ਼ ਪ੍ਰੀਤਮ ਸਿੰਘ ਪੁੱਤਰ ਮਨੀ ਸਿੰਘ ਨੂੰ 29 ਜੂਨ ਨੂੰ ਹਸਪਤਾਲ ਦੀ ਰੈਪਿਡ ਰਿਸਪਾਂਸ ਟੀਮ ਵੱਲੋਂ ਰਿਆਤ ਬਾਹਰਾ ਆਈਸੋਲੇਸ਼ਨ ਸੈਂਟਰ ਹੁਸ਼ਿਆਰਪੁਰ ਵਿਖੇ ਭੇਜਿਆ ਗਿਆ ਸੀ । ਜਿਸ ਦੀ ਸਿਹਤ ਵਿਗੜ ਜਾਣ ਕਾਰਨ ਉਸ ਨੂੰ ਅੰਮ੍ਰਿਤਸਰ ਵਿਖੇ ਰੈਫ਼ਰ ਕੀਤਾ ਗਿਆ ਸੀ, ਜਿਥੇ ਅੱਜ ਉਸ ਦੀ ਮੌਤ ਹੋ ਗਈ ਸੀ । ਸਿਹਤ ਵਿਭਾਗ ਦੀ ਟੀਮ ਜਦੋਂ ਲਾਸ਼ ਨੂੰ ਪਿੰਡ ਟਾਂਡਾ ਰਾਮ ਸਹਾਏ ਦੇ ਸ਼ਮਸ਼ਾਨ ਘਾਟ ਲੈ ਕੇ ਪੁੱਜੀ ਤਾਂ ਲਾਸ਼ ਨੂੰ ਪੂਰੀ ਸਾਵਧਾਨੀ ਦੇ ਨਾਲ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਸਿਹਤ ਮੁਲਾਜ਼ਮਾਂ ਨੇ ਚਿਤਾ ਦੇ ਉੱਤੇ ਲਿਟਾ ਦਿੱਤਾ । ਪਿੰਡ ਦੇ ਸਰਪੰਚ ਮੋਹਨ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਦਲਬੀਰ ਸਿੰਘ ਨੇ ਸਿਹਤ ਵਿਭਾਗ ਤੋਂ ਮਨਜ਼ੂਰੀ ਲੈ ਕੇ ਪੂਰੀ ਕਿੱਟ ਪਾ ਕੇ ਲਾਸ਼ ਦਾ ਜਦ ਮੂੰਹ ਦੇਖਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕੀ ਲਪੇਟੀ ਹੋਈ ਲਾਸ਼ ਕਿਸੇ ਬੀਬੀ ਦੀ ਸੀ । ਜਿਸ ਉਪਰੰਤ ਪੂਰੇ ਪਿੰਡ 'ਚ ਹੱਲਾ ਮੱਚ ਗਿਆ ਤੇ ਪਿੰਡ ਵਾਸੀ ਇਕੱਠੇ ਹੋ ਗਏ । ਪਿੰਡ ਵਾਲੇ ਜ਼ਿੱਦ ਕਰ ਰਹੇ ਸਨ ਕਿ ਉਹ ਅਣਪਛਾਤੀ ਬੀਬੀ ਦੀ ਲਾਸ਼ ਨੂੰ ਉਨ੍ਹਾਂ ਚਿਰ ਨਹੀਂ ਚੁੱਕਣ ਦੇਣਗੇ, ਜਿੰਨਾ ਚਿਰ ਇਹ ਨਾ ਦੱਸਿਆ ਜਾਏ ਕਿ ਉਨ੍ਹਾਂ ਦੇ ਬਜ਼ੁਰਗ ਦੀ ਲਾਸ਼ ਕਿੱਥੇ ਹੈ।
ਮੌਕੇ 'ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਜਗਤਾਰ ਸਿੰਘ ਅਤੇ ਡੀ. ਐੱਸ. ਪੀ. ਰਵਿੰਦਰ ਸਿੰਘ ਡੀ. ਸੀ. ਅੰਮ੍ਰਿਤਸਰ ਦੇ ਨਾਲ ਰਾਬਤਾ ਕਾਇਮ ਕਰਕੇ ਲਾਸ਼ ਬਾਰੇ ਪਤਾ ਲਗਾ ਰਹੇ ਸਨ । ਜ਼ਿਕਰਯੋਗ ਹੈ ਕਿ ਐਸ. ਐਮ. ਓ. ਬੁੱਢਾਵੜ ਜਤਿੰਦਰ ਸਿੰਘ ਮੌਕੇ 'ਤੇ ਮੌਜੂਦ ਨਾ ਹੋਣ ਕਾਰਨ ਸਿਹਤ ਵਿਭਾਗ ਦੇ ਕਾਮਿਆਂ ਨੂੰ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ । ਖ਼ਬਰ ਲਿਖੇ ਜਾਣ ਜਾਣ ਤੱਕ ਲਾਸ਼ ਨੂੰ ਪਿੰਡ ਵਾਸੀਆਂ ਨੇ ਚੁੱਕਣ ਨਹੀਂ ਦਿੱਤਾ ।