ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ
Sunday, Jul 29, 2018 - 04:18 AM (IST)
ਕੋਟਕਪੂਰਾ, (ਨਰਿੰਦਰ) - ਸਿਹਤ ਵਿਭਾਗ ਦੇ ਸੈਨੇਟਰੀ ਇੰਸਪੈਕਟਰ ਮਨਦੀਪ ਸਿੰਘ ਢਿੱਲੋਂ, ਅਮਰੀਕ ਸਿੰਘ ਅਤੇ ਗੁਰਸ਼ਵਿੰਦਰ ਸਿੰਘ ’ਤੇ ਆਧਾਰਿਤ ਟੀਮ ਵੱਲੋਂ ਕੋਟਕਪੂਰਾ ਦੇ ਵੱਖ-ਵੱਖ ਇਲਾਕਿਆਂ ’ਚ ਕੀਤੇ ਜਾ ਰਹੇ ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ ਦੌਰਾਨ ਲਾਰਵਾ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਸਰਕਾਰੀ ਤੇ ਪ੍ਰਾਈਵੇਟ ਕਈ ਥਾਵਾਂ ਤੋਂ ਲਾਰਵਾ ਮਿਲ ਚੁੱਕਾ ਹੈ। ਡਾ. ਕਮਲ ਐਪੀਡੀਮੋਲੋਜਿਸਟ ਦੀਆਂ ਹਦਾਇਤਾਂ ਅਨੁਸਾਰ ਟੀਮ ਵੱਲੋਂ ਕੀਤੇ ਜਾ ਰਹੇ ਸਰਵੇ ਦੌਰਾਨ ਕੁਝ ਦਿਨ ਪਹਿਲਾਂ ਫੋਕਲ ਪੁਆਇੰਟ ਇਲਾਕਾ, ਥਾਣਾ ਸਿਟੀ, ਪੁਲਸ ਕੁਆਰਟਰਾਂ ਆਦਿ ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਣ ਤੋਂ ਬਾਅਦ ਹੁਣ ਨਗਰ ਕੌਂਸਲ ਦਫਤਰ, ਲਾਜਪਤ ਨਗਰ ਅਤੇ ਮੁਹੱਲਾ ਚੋਪਡ਼ਾ ਬਾਗ ਦੀਆਂ ਕਈ ਥਾਵਾਂ ਤੋਂ ਵੀ ਡੇਂਗੂ ਦਾ ਲਾਰਵਾ ਮਿਲਿਆ ਹੈ। ਟੀਮ ਵੱਲੋਂ ਭਾਵੇਂ ਵੱਖ-ਵੱਖ ਥਾਵਾਂ ਤੋਂ ਮਿਲੇ ਡੇਂਗੂ ਦੇ ਲਾਰਵੇ ਨੂੰ ਤੁਰੰਤ ਨਸ਼ਟ ਕਰ ਦਿੱਤਾ ਗਿਆ ਪਰ ਇਸ ਨਾਲ ਖਤਰਾ ਟਲਿਆ ਨਹੀਂ। ਸ਼ਹਿਰ ’ਚ ਡੇਂਗੂ ਦੇ ਫੈਲਣ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਨਾਲ ਨਗਰ ਕੌਂਸਲ ਦੀ ਵੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਪਰ ਇੱਥੋਂ ਵੀ ਡੇਂਗੂ ਦਾ ਲਾਰਵਾ ਮਿਲਣ ਨਾਲ ‘ਦੀਵੇ ਥੱਲੇ ਹਨੇਰਾ ਹੋਣ ਵਾਲੀ ਕਹਾਵਤ’ ਸੱਚ ਸਿੱਧ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਲ-2016 ਵਿਚ ਕੋਟਕਪੂਰਾ ਸ਼ਹਿਰ ’ਚ 500 ਦੇ ਕਰੀਬ ਡੇਂਗੂ ਦੇ ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ’ਚੋਂ 2 ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਸਾਲ-2017 ’ਚ ਸਾਹਮਣੇ ਆਏ 400 ਦੇ ਕਰੀਬ ਮਰੀਜ਼ਾਂ ’ਚੋਂ 1 ਦੀ ਮੌਤ ਹੋ ਗਈ ਸੀ।
ਇਸ ਸਬੰਧੀ ਐੱਸ. ਐੱਮ. ਓ. ਕੋਟਕਪੂਰਾ ਡਾ. ਕੁਲਦੀਪ ਧੀਰ ਨੇ ਦੱਸਿਆ ਕਿ ਲਾਰਵਾ ਮਿਲਣ ਅਤੇ ਸਟਾਫ ਦੀ ਘਾਟ ਹੋਣ ਸਬੰਧੀ ਉਨ੍ਹਾਂ ਨੇ ਉਪ ਮੰਡਲ ਮੈਜਿਸਟਰੇਟ ਕੋਟਕਪੂਰਾ, ਸਿਵਲ ਸਰਜਨ ਫਰੀਦਕੋਟ ਅਤੇ ਕਾਰਜਸਾਧਕ ਅਫਸਰ ਕੋਟਕਪੂਰਾ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਸਟਾਫ ਦੀ ਗਿਣਤੀ ਵਧਾਉਣ, ਸਫਾਈ ਕਰਵਾਉਣ ਅਤੇ ਫੌਗਿੰਗ ਕਰਵਾਉਣ ਲਈ ਵੀ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਵੀ ਡੇਂਗੂ ਦਾ ਲਾਰਵਾ ਮਿਲਣ ਦਾ ਪਤਾ ਲੱਗਦਾ ਹੈ ਤਾਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਉੱਥੇ ਤੁਰੰਤ ਸਪਰੇਅ ਕਰਵਾਈ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਅਤੇ ਦੁਕਾਨਾਂ ਆਦਿ ਵਿਚ ਪਈਆਂ ਫਰਿਜਾਂ ਦੀਆਂ ਟਰੇਆਂ, ਕੂਲਰਾਂ ਅਤੇ ਹੋਰ ਪਏ ਕਬਾਡ਼ ਆਦਿ ਦੇ ਸਾਮਾਨ ਵਿਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।
