ਡੇਂਗੂ ਦੀ ਰੋਕਥਾਮ ਨੂੰ ਲੈ ਕੇ ਸਿਹਤ ਵਿਭਾਗ ਨੇ ਮਨਾਇਆ ਡਰਾਈ ਡੇਅ-ਫਰਾਈ ਡੇਅ
Friday, Oct 18, 2024 - 03:27 PM (IST)
ਡੇਰਾਬੱਸੀ (ਗੁਰਜੀਤ) : ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਦੀਆਂ ਡੇਂਗੂ ਟੀਮਾਂ ਵੱਲੋਂ ਡੇਂਗੂ ਦੇ ਖ਼ਾਤਮੇ ਲਈ ਸਪੈਸ਼ਲ ਡਰਾਈ ਡੇਅ-ਫਰਾਈ ਡੇਅ ਮਨਾਇਆ ਗਿਆ। ਡਾ. ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਡੇਂਗੂ ਟੀਮਾਂ ਨੇ ਮੁਬਾਰਕਪੁਰ ਅਤੇ ਮੀਰਪੁਰ ਦੇ ਸਰਕਾਰੀ ਸਕੂਲਾਂ ਵਿਖੇ ਬੱਚਿਆਂ ਅਤੇ ਸਕੂਲ ਟੀਚਰਾਂ ਨੂੰ ਡੇਂਗੂ ਤੋਂ ਬਚਣ ਲਈ ਜਾਗਰੂਕ ਕੀਤਾ। ਇਸ ਮੌਕੇ ਇਨ੍ਹਾਂ ਟੀਮਾਂ ਦੀ ਚੈਕਿੰਗ ਡਾ. ਹਰਪ੍ਰੀਤ ਕੌਰ ਅਸਿਸਟੈਂਟ ਡਾਇਰੈਕਟਰ ਸਿਹਤ ਸੇਵਾਵਾਂ ਚੰਡੀਗੜ੍ਹ ਵੱਲੋਂ ਕੀਤੀ ਗਈ।
ਇਸ ਮੌਕੇ ਡਾ. ਹਰਪ੍ਰੀਤ ਕੌਰ ਅਤੇ ਡਾ. ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਨੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ, ਬ੍ਰੀਡਿੰਗ ਚੈੱਕਰਾਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਘਰ-ਘਰ ਜਾ ਕੇ ਡੇਂਗੂ ਕੰਨਟੇਨਰ ਸਰਵੇ ਦੀ ਚੈਕਿੰਗ ਕੀਤੀ ਅਤੇ ਇਸ ਦੇ ਨਾਲ-ਨਾਲ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਮੱਛਰ ਦੇ ਪੈਦਾ ਹੋਣ ਵਾਲੀਆਂ ਥਾਵਾਂ ਜਿਵੇਂ ਪਾਣੀ ਭਰੇ ਭਾਂਡੇ, ਗਮਲੇ, ਟਾਇਰ, ਕੂਲਰ ਆਦਿ ਵਿੱਚ ਪਾਣੀ ਜਮ੍ਹਾਂ ਹੋਣ ਤੋਂ ਰੋਕਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਮੱਛਰਾ ਦੇ ਪੈਦਾ ਹੋਣ ਦੇ ਸਰੋਤਾਂ ਨੂੰ ਖ਼ਤਮ ਕਰਨਾ ਡੇਂਗੂ ਵਿਰੋਧੀ ਮੁਹਿੰਮ ਦਾ ਅਹਿਮ ਹਿੱਸਾ ਹੈ।
ਇਸ ਲਈ ਮੱਛਰਾਂ ਦੇ ਪੈਦਾ ਹੋਣ ਦੇ ਸਰੋਤਾ ਨੂੰ ਹਫ਼ਤੇ ਵਿੱਚ ਇਕ ਵਾਰੀ ਖ਼ਾਲੀ ਕਰਕੇ ਸੁੱਕਾ ਕੀਤਾ ਜਾਣਾ ਚਾਹੀਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਇਸ ਲਈ ਦਿਨ ਵਾਲੇ ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ। ਰਾਤ ਨੂੰ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਰੋਕੂ ਕਰੀਮਾਂ ਤੇ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਡੇਂਗੂ ਟੈਸਟ ਅਤੇ ਇਲਾਜ ਮੁਫ਼ਤ ਹੁੰਦਾ ਹੈ। ਇਸ ਮੌਕੇ ਡਾ ਸੁਮਨ, ਡਾ. ਜਸਵਿੰਦਰ ਕੌਰ ਆਰ. ਐੱਮ. ਓ., ਰਜਿੰਦਰ ਸਿੰਘ, ਸ਼ਿਵ ਕੁਮਾਰ ਹੈਲਥ ਇੰਸਪੈਕਟਰ, ਜਤਿੰਦਰ ਸਿੰਘ, ਭੁਪਿੰਦਰਜੀਤ ਕੌਰ, ਪਰਮਜੀਤ ਕੌਰ, ਆਸ਼ਾ ਵਰਕਰ ਅਤੇ ਬ੍ਰੀਡਿੰਗ ਚੈਕਰ ਵੀ ਮੌਜੂਦ ਸਨ।