ਅੰਮ੍ਰਿਤਸਰ 'ਚ ਸਿਹਤ ਵਿਭਾਗ ਅਲਰਟ: 30 ਮੈਡੀਕਲ ਟੀਮਾਂ, 80 ਐਂਬੂਲੈਂਸ ਤੇ ਸਰਕਾਰੀ ਹਸਪਤਾਲਾਂ ’ਚ ਮੁਕੰਮਲ ਪ੍ਰਬੰਧ

Wednesday, Aug 27, 2025 - 03:02 PM (IST)

ਅੰਮ੍ਰਿਤਸਰ 'ਚ ਸਿਹਤ ਵਿਭਾਗ ਅਲਰਟ: 30 ਮੈਡੀਕਲ ਟੀਮਾਂ, 80 ਐਂਬੂਲੈਂਸ ਤੇ ਸਰਕਾਰੀ ਹਸਪਤਾਲਾਂ ’ਚ ਮੁਕੰਮਲ ਪ੍ਰਬੰਧ

ਅੰਮ੍ਰਿਤਸਰ (ਦਲਜੀਤ)- ਲਗਾਤਾਰ ਹੋ ਰਹੀ ਬਰਸਾਤ ਕਾਰਨ ਪੈਦਾ ਹੋਏ ਹੜ੍ਹਾਂ ਦੇ ਹਾਲਾਤ ਨੂੰ ਮੱਦੇਨਜ਼ਰ ਸਿਹਤ ਵਿਭਾਗ ਅਤੇ ਗੁਰੂ ਨਾਨਕ ਦੇਵ ਹਸਪਤਾਲ ਵੱਲੋਂ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਸਰਕਾਰੀ ਹਸਪਤਾਲਾਂ ’ਚ ਜਿੱਥੇ ਐਮਰਜੈਂਸੀ ਨੂੰ ਹੋਰ ਦਰੁਸਤ ਕਰਦਿਆਂ ਮਹੱਤਵਪੂਰਨ ਦਵਾਈਆਂ ਦਾ ਸਟਾਕ ਮੁਹੱਈਆ ਕਰਵਾ ਦਿੱਤਾ ਗਿਆ ਹੈ, ਉਥੇ ਹੀ ਸਮੂਹ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ 24 ਘੰਟੇ ਦੌਰਾਨ ਜ਼ਰੂਰਤ ਪੈਣ ’ਤੇ ਡਿਊਟੀ ’ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਵੱਲੋਂ ਹਰ ਸਥਿਤੀ ਨਾਲ ਨਜਿੱਠਣ ਲਈ 30 ਮੈਡੀਕਲ ਟੀਮਾਂ ਦਾ ਗਠਨ ਕਰਦਿਆਂ ਸੀਨੀਅਰ ਡਾਕਟਰਾਂ ਨੂੰ ਹੜ੍ਹਾਂ ’ਚੋਂ ਆਉਣ ਵਾਲੇ ਮਰੀਜ਼ਾਂ ਦੀ ਖੁਦ ਨਿਗਰਾਨੀ ਕਰਨ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ- ਇਨ੍ਹਾਂ 4 ਕਰਮਚਾਰੀਆਂ 'ਤੇ ਵੱਡੀ ਕਾਰਵਾਈ, ਕੀਤੇ ਗਏ ਸਸਪੈਂਡ

ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ, ਸਰਕਾਰੀ ਟੀਬੀ ਹਸਪਤਾਲ, ਸਰਕਾਰੀ ਈ. ਐੱਨ. ਟੀ. ਹਸਪਤਾਲ ’ਚ ਹੜ੍ਹਾਂ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਮੁਕੰਮਲ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਅਲਰਟ ’ਤੇ ਰਹਿਣ ਦੇ ਹੁਕਮ ਦਿੱਤੇ ਗਏ ਹਨ ਅਤੇ ਐਮਰਜੈਂਸੀ ’ਚ ਲੋੜੀਂਦੀਆਂ ਦਵਾਈਆਂ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਵੇਰੇ, ਦੁਪਹਿਰ ਤੇ ਸ਼ਾਮ ਨੂੰ ਡਾਕਟਰਾਂ ਦੀ ਅਗਵਾਈ ’ਚ ਵਿਸ਼ੇਸ਼ ਟੀਮਾਂ ਦੇ ਗਠਨ ਲਈ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਜ਼ਿਲੇ ’ਚ 15 ਰੈਪਿਡ ਰਿਸਪੋਂਸ ਟੀਮਾਂ ਵੀ ਬਣਾ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ 14 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਜਾਰੀ

ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਸਰਕਾਰੀ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਨਾਲ ਅਲਰਟ ’ਤੇ ਹਨ। ਜ਼ਿਲ੍ਹੇ ’ਚ 80 ਦੇ ਕਰੀਬ ਸਰਕਾਰੀ ਐਂਬੂਲੈਂਸ ਵੀ ਅਲਰਟ ’ਤੇ ਰੱਖੀਆਂ ਗਈਆਂ ਹਨ। ਅਧਿਕਾਰੀਆਂ ਨੂੰ 24 ਘੰਟੇ ਫੋਨ ਰਾਹੀਂ ਸੀਨੀਅਰ ਅਧਿਕਾਰੀਆਂ ਦੇ ਸੰਪਰਕ ’ਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਧਰ ਦੂਜੇ ਪਾਸੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਡਾਕਟਰ ਰਾਜੀਵ ਦੇਵਗਨ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅਧੀਨ ਆਉਣ ਵਾਲੇ ਸਮੂਹ ਹਸਪਤਾਲਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਸੀਨੀਅਰ ਅਧਿਕਾਰੀ 24 ਘੰਟੇ ਫੋਨ ’ਤੇ ਉਪਲੱਬਧ ਰਹਿਣ। ਜੇਕਰ ਕੋਈ ਸਥਿਤੀ ਆਉਂਦੀ ਹੈ ਤਾਂ ਸੀਨੀਅਰ ਅਧਿਕਾਰੀ ਖੁਦ ਆ ਕੇ ਸਿਹਤ ਸੇਵਾਵਾਂ ਦੀ ਕਮਾਨ ਸੰਭਾਲੇਗਾ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਅਤੇ ਇੰਚਾਰਜ ਡਾਕਟਰ ਸਵਰਨਜੀਤ ਧਵਨ ਨੇ ਦੱਸਿਆ ਕਿ ਹੜ੍ਹਾਂ ਨੂੰ ਮੱਦੇਨਜ਼ਰ ਅੱਜ ਹਸਪਤਾਲ ਦੇ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ’ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਜੇਕਰ ਕੋਈ ਵੀ ਮਰੀਜ਼ ਹੜ੍ਹਾਂ ਤੋਂ ਪ੍ਰਭਾਵਿਤ ਹਸਪਤਾਲ ’ਚ ਆਉਂਦਾ ਹੈ ਤਾਂ ਉਸ ਦੀ ਵਿਸ਼ੇਸ਼ ਨਿਗਰਾਨੀ ਕਰ ਕੇ ਉਸ ਦਾ ਇਲਾਜ ਕੀਤਾ ਜਾਵੇ। ਇਸ ਤੋਂ ਇਲਾਵਾ ਐਮਰਜੈਂਸੀ ਅਤੇ ਓ. ਪੀ. ਡੀ. ’ਚ ਵੀ ਲੋੜੀਂਦੀਆਂ ਦਵਾਈਆਂ ਦਾ ਸਟਾਕ ਉਪਲੱਬਧ ਕਰਵਾ ਦਿੱਤਾ ਗਿਆ ਹੈ। ਹਸਪਤਾਲ ’ਚ ਸਥਿਤ ਬਲੱਡ ਬੈਂਕ ’ਚ ਵੀ ਖੂਨ ਦੀ ਕੋਈ ਕਮੀ ਨਹੀਂ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਦਾ RED ALERT, ਪੜ੍ਹੋ ਆਉਣ ਵਾਲੇ ਦਿਨਾਂ ਦੀ Big Update

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News