ਸਿਹਤ ਵਿਭਾਗ ਨੇ ਘਰਾਂ ਤੇ ਦੁਕਾਨਾਂ ''ਚੋਂ ਦੁੱਧ ਦੇ ਸੈਂਪਲ ਭਰੇ
Tuesday, Aug 14, 2018 - 03:24 PM (IST)

ਮਾਛੀਵਾੜਾ ਸਾਹਿਬ (ਟੱਕਰ) : ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਅੱਜ ਸਿਹਤ ਵਿਭਾਗ ਵਲੋਂ ਮਿਲਾਵਟਖੋਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹਲਕਾ ਸਾਹਨੇਵਾਲ ਦੇ ਪਿੰਡ ਬਲੀਏਵਾਲ ਅਤੇ ਜਿਓਣੇਵਾਲ ਵਿਖੇ ਤੜਕੇ ਹੀ ਛਾਪੇਮਾਰੀ ਕਰ ਦੁੱਧ ਦਾ ਕਿੱਤਾ ਕਰਨ ਵਾਲੇ ਵਿਅਕਤੀਆਂ ਦੇ ਘਰਾਂ ਤੇ ਦੁਕਾਨਾਂ 'ਤੇ ਜਾ ਕੇ ਸੈਂਪਲ ਭਰੇ। ਇਸ ਟੀਮ ਦੀ ਅਗਵਾਈ ਕਰ ਰਹੀ ਡੀ. ਐਚ. ਓ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਉਕਤ ਦੋਵੇਂ ਪਿੰਡਾਂ 'ਚ ਨਕਲੀ ਦੁੱਧ ਦਾ ਕਾਰੋਬਾਰ ਚਲਦਾ ਹੈ।
ਇਸ ਦੇ ਤਹਿਤ ਬਲੀਏਵਾਲ ਤੇ ਜਿਓਣੇਵਾਲ ਵਿਖੇ ਛਾਪੇਮਾਰੀ ਕਰਕੇ ਦੁੱਧ ਵੇਚਣ ਵਾਲਿਆ ਤੋਂ ਵੱਖ-ਵੱਖ ਥਾਵਾਂ ਤੋਂ ਸੈਂਪਲ ਭਰੇ ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਕ ਡੇਅਰੀ ਤੋਂ ਪਾਊਡਰਨੁਮਾ ਥੈਲਾ ਮਿਲਿਆ ਹੈ, ਜਿਸ ਦੀ ਸ਼ੰਕਾ ਹੈ ਕਿ ਇਸ ਪਾਊਡਰ ਤੋਂ ਨਕਲੀ ਦੁੱਧ ਬਣਾਇਆ ਜਾ ਸਕਦਾ ਹੈ, ਉਸ ਦਾ ਵੀ ਸੈਂਪਲ ਭਰ ਕੇ ਭੇਜਿਆ ਗਿਆ ਹੈ। ਸੈਂਪਲ ਭਰਨ ਵਾਲਿਆਂ ਦੀ ਟੀਮ ਆਉਣ ਦੀ ਜਿਉਂ ਹੀ ਪਿੰਡ ਵਿਚ ਰੌਲਾ ਪਿਆ ਤਾਂ ਹੜਕੰਪ ਮੱਚ ਗਿਆ ਤਾਂ ਕੁਝ ਦੁੱਧ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਨੇ ਆਪਣਾ ਦੁੱਧ ਨਾਲੀਆਂ ਵਿਚ ਵਹਾ ਦਿੱਤਾ ਤਾਂ ਜੋ ਦੁੱਧ ਦਾ ਸੈਂਪਲ ਨਾ ਭਰਿਆ ਜਾ ਸਕੇ। ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਇਸ ਕਾਰਵਾਈ ਤਹਿਤ ਚਾਹੇ ਕੁਝ ਦੁੱਧ ਬਣਾਉਣ ਵਾਲਿਆਂ ਨੇ ਟੀਮ ਦੇ ਆਉਣ ਦੀ ਭਿਣਕ ਪੈਂਦਿਆ ਹੀ ਦੁੱਧ ਨੂੰ ਨਾਲੀਆਂ ਵਿਚ ਸੁੱਟ ਦਿੱਤਾ ਪਰ ਆਉਣ ਵਾਲੇ ਸਮੇਂ ਵਿਚ ਉਹ ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨਗੇ ਅਤੇ ਕਿਸੇ ਵੀ ਕੀਮਤ 'ਤੇ ਇਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਿਹਤ ਵਿਭਾਗ ਵਲੋਂ ਆਈ ਟੀਮ ਵਿਚ ਡਾ. ਯੋਗੇਸ਼ ਗੋਇਲ ਅਤੇ ਡਾ. ਰੋਬਿਨ ਵੀ ਮੌਜ਼ੂਦ ਸਨ।