ਗਲੇ-ਸਡ਼ੇ ਫਲ ਤੇ ਨਕਲੀ ਚਿਪਸ ਵੇਚਣ ਵਾਲਿਆਂ ਦਾ ਧੰਦਾ ਜ਼ੋਰਾਂ ’ਤੇ

Monday, Jul 23, 2018 - 11:59 PM (IST)

ਗਲੇ-ਸਡ਼ੇ ਫਲ ਤੇ ਨਕਲੀ ਚਿਪਸ ਵੇਚਣ ਵਾਲਿਆਂ ਦਾ ਧੰਦਾ ਜ਼ੋਰਾਂ ’ਤੇ

ਜਲਾਲਾਬਾਦ(ਬੰਟੀ)–ਇਕ ਪਾਸੇ ਤਾਂ ਪੂਰੇ ਦੇਸ਼ ਭਰ ’ਚ ਡੇਂਗੂ ਦਾ ਕਹਿਰ ਛਾਇਆ ਹੋਇਆ ਹੈ, ਜਿਸ ਕਾਰਨ ਜਨਤਾ ’ਚ ਡਰ ਬਣਿਆ ਹੋਇਆ ਹੈ ਅਤੇ ਦੂਜੇ ਪਾਸੇ ਸਿਹਤ ਵਿਭਾਗ ਦੀ ਸੁਸਤੀ ਕਾਰਨ ਲੋਕ ਕਿਸੇ ਵੇਲੇ   ਵੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ, ਜਿਸ ਦੀ ਉਦਾਹਰਨ  ਵਿਕ ਰਹੇ ਗਲੇ-ਸਡ਼ੇ ਫਲਾਂ ਅਤੇ  ਲੋਕਾਂ ਵੱਲੋਂ ਆਪਣੇ ਘਰਾਂ ’ਚ ਹੀ ਬੱਚਿਆਂ ਦੇ ਖਾਣ ਲਈ ਬਣਾਏ ਜਾ ਰਹੇ ਚਿਪਸ  ਤੇ  ਹੋਰ  ਚੀਜ਼ਾਂ ਹਨ।  ਜਿਨ੍ਹਾਂ ਉਪਰ ਨਾ ਤਾਂ ਕੋਈ ਬਣਾਉਣ ਵਾਲੀ ਤਰੀਖ ਲਿਖੀ ਹੁੰਦੀ ਹੈ ਤੇ ਪੈਕੇਟਾਂ ਉਪਰ ਮਾਰਕਾ ਵੀ ਆਪਣੀ ਮਰਜ਼ੀ ਨਾਲ ਲਾਇਆ ਹੁੰਦਾ ਹੈ, ਜੋ ਕਿ ਮਨਜ਼ੂਰਸ਼ੁਦਾ ਵੀ ਨਹੀਂ ਹੁੰਦਾ। ਇਨ੍ਹਾਂ ਦਾ ਧੰਦਾ ਜ਼ੋਰਾਂ ’ਤੇ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਸ਼ਹਿਰ ਨਿਵਾਸੀਅਾਂ ਵਿਜੇ ਦਹੂਜਾ ਲੱਡੂ, ਅਸ਼ੋਕ ਛਾਬਡ਼ਾ ਕਾਲੀ, ਰਾਜ ਕੁਮਾਰ ਦੂਮਡ਼ਾ ਪੱਪੂ, ਕਾਲੀ ਦੂਮਡ਼ਾ, ਆਸ਼ੂ ਨਾਗਪਾਲ ਤੇ ਡਾ. ਤਨਵੀਰ ਮਲਿਕ ਨੇ ਦੱਸਿਆ ਕਿ ਉਸ ਨੇ ਆਪਣੇ ਬੱਚਿਆਂ ਲਈ ਇਕ ਕੂਰਕੁਰੇ ਦਾ ਪੈਕਟ ਖਰੀਦਿਆ, ਜਦ ਉਸ ਨੇ ਉਹ ਪੈਕਟ ਖੋਲ੍ਹਿਆ ਤਾਂ ਉਸ ਅੰਦਰੋਂ ਗੰਦੀ ਬਦਬੂ ਆ ਰਹੀ ਸੀ, ਜਿਸ ਨੂੰ ਉਨ੍ਹਾਂ ਦੇ ਬੱਚਿਆਂ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਜਿਹੀਆਂ ਸ਼ਹਿਰ ’ਚ 3-4 ਨਾਜਾਇਜ਼ ਫੈਕਟਰੀਆਂ ਹਨ, ਜੋ ਆਪਣੇ ਨਿੱਜੀ ਮੁਨਾਫੇ ਲਈ ਆਪਣੇ ਹੀ ਰੈਪਰ ਲਾ ਕੇ ਬੱਚਿਆਂ ਦੀ ਸਿਹਤ ਨਾਲ ਖਿਲਵਾਡ਼ ਕਰ ਰਹੀਆਂ  ਹਨ। ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਫੈਕਟਰੀਆਂ ਵਾਲੇ ਨਿੱਕੇ-ਨਿੱਕੇ ਬੱਚਿਆਂ ਨੂੰ ਦਿਹਾਡ਼ੀ ’ਤੇ ਰੱਖ ਕੇ ਉਨ੍ਹਾਂ ਕੋਲੋਂ ਪੈਕਿੰਗ ਕਰਵਾਉਂਦੇ ਹਨ, ਜਿਥੇ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ ਹੁੰਦਾ ਤੇ ਸਰ੍ਹੋਂ ਦਾ ਮਿਲਾਵਟੀ  ਤੇਲ ਬਹੁਤ ਹੀ ਜ਼ਿਆਦਾ ਮਾਤਰਾ ’ਚ ਸ਼ਹਿਰ  ’ਚ ਜ਼ਹਿਰ ਦੇ ਰੂਪ ’ਚ ਵਿੱਕ ਰਿਹਾ ਹੈ, ਜਿਸ ਦੇ ਸੈਂਪਲ ਲੈ ਕੇ ਉੱਚ ਪੱਧਰੀ ਜਾਂਚ ਦੀ ਲੋਡ਼ ਹੈ ਅਤੇ ਸਿਹਤ ਵਿਭਾਗ ਜੇਕਰ ਜਲਦ ਕਾਰਵਾਈ ਕਰੇ ਤਾਂ ਮਿਲਾਵਟੀ ਤੇਲ ਦਾ ਜਖੀਰਾ ਬਰਾਮਦ ਹੋ ਸਕਦਾ ਹੈ। ਉਨ੍ਹਾਂ  ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਨਾਜਾਇਜ਼ ਫੈਕਟਰੀਆਂ ’ਤੇ ਛਾਪੇਮਾਰੀ ਕਰ ਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ । ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀ ਇਨ੍ਹਾਂ ਦਿਨਾਂ ’ਚ ਛਾਪੇਮਾਰੀ ਦੀ ਫਾਰਮੇਲਟੀ ਪੂਰੀ ਕਰਨ ਲਈ ਛੋਟੀ-ਮੋਟੀ ਛਾਪੇਮਾਰੀ ਵੀ ਕਰਨ ਆਉਂਦੇ ਹਨ ਪਰ ਉਨ੍ਹਾਂ ਵੱਲੋਂ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ। ਈਮਾਨਦਾਰੀ ਨਾਲ ਕਾਰਵਾਈ ਨਾ ਹੋਣ ਕਰ ਕੇ ਅਜਿਹੇ ਮੁਨਾਫਾਖੋਰਾਂ ਦੇ ਹੌਸਲੇ ਹੋਰ ਵਧ ਜਾਂਦੇ ਹਨ ਅਤੇ ਇਹ ਲੋਕ ਜਿਥੇ ਮਨਮਰਜ਼ੀ ਦੇ ਰੇਟ ਲਾ ਕੇ ਲੋਕਾਂ ਦੀ ਲੁੱਟ ਕਰਦੇ ਹਨ, ਉਥੇ ਹੀ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਵੀ ਕਰਦੇ ਹਨ। ਸਮਾਜ-ਸੇਵੀਆਂ ਦਾ ਕਹਿਣਾ ਹੈ ਕਿ ਇਥੇ ਸਿਹਤ ਵਿਭਾਗ ਦੀ ਟੀਮ ਭੇਜੀ ਜਾਵੇ ਅਤੇ ਜੋ ਨਾਜਾਇਜ਼ ਫੈਕਟਰੀਆਂ ਖੁੱਲ੍ਹੀਆਂ ਹੋਈਆਂ ਹਨ, ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇ ।  


Related News