12 ਵਰ੍ਹਿਆਂ ਬਾਅਦ ਪਟਿਆਲਾ ਦੇ ਮੱਥੇ ਫਿਰ ਲੱਗਾ ‘ਕੁਡ਼ੀਮਾਰ’ ਦਾ ਕਲੰਕ

Thursday, Jun 21, 2018 - 07:11 AM (IST)

ਪਟਿਆਲਾ(ਪਰਮੀਤ)-ਪੰਜਾਬ ਵਿਚ ਸ਼ਾਹੀ ਸ਼ਹਿਰ ਤੇ ਸ਼ਾਹੀ ਜ਼ਿਲੇ ਦੇ ਨਾਂ ਨਾਲ ਮਸ਼ਹੂਰ ਪਟਿਆਲਾ ਦੇ ਮੱਥੇ ’ਤੇ ਇਕ ਵਾਰ ਫਿਰ ਤੋਂ ‘ਕੁਡ਼ੀਮਾਰ’ ਦਾ ਕਲੰਕ ਲੱਗ ਗਿਆ ਹੈ। 12 ਵਰ੍ਹੇ ਪਹਿਲਾਂ ਪਾਤਡ਼ਾਂ ਵਿਚ ਇਕ ਖੂਹ ’ਚੋਂ 50 ਭਰੂਣ ਬਰਾਮਦ ਹੋਣ ਨਾਲ ਕੌਮਾਂਤਰੀ ਪੱਧਰ ’ਤੇ ਚਰਚਾ ਵਿਚ ਆਏ  ਜ਼ਿਲੇ ’ਚ ਅੱਜ ਹਰਿਆਣਾ ਦੇ ਕੈਥਲ ਤੇ ਪਟਿਆਲਾ ਜ਼ਿਲੇ ਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਸਬਾ ਬਹਾਦਰਗਡ਼੍ਹ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ 4 ਮਹੀਨਿਅਾਂ ਦਾ ਭਰੂਣ ਮਿਲਣ ਅਤੇ ਭਰੂਣ ਹੱਤਿਆ ਦੇ ਗੋਰਖਧੰਦੇ ਵਿਚ ਲੱਗੇ ਪਤੀ-ਪਤਨੀ ਵੱਲੋਂ 4 ਤੋਂ 5 ਅਜਿਹੇ ਕੇਸ ਪਹਿਲਾਂ ਭੁਗਤਾਉਣ ਦੇ ਕੀਤੇ ਕਥਿਤ ਇਕਬਾਲ ਨੇ ਜ਼ਿਲੇ ਦੇ ਮੱਥੇ ’ਤੇ ਇਕ ਵਾਰ ਫਿਰ ਤੋਂ ਕਲੰਕ ਲਾ ਦਿੱਤਾ ਹੈ। ਪੰਜਾਬ  ਵਿਚ ਕੁਡ਼ੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਪਹਿਲਾਂ ਹੀ ਘਟ ਕੇ ਸਿਰਫ ਪ੍ਰਤੀ ਹਜ਼ਾਰ ਲਡ਼ਕਿਆਂ ਪਿੱਛੇ ਸਿਰਫ 776  ਰਹਿ ਗਈ ਸੀ।  ਇਸ ਅੌਸਤ ਵਿਚ ਮਸਾਂ ਹੀ ਸੁਧਾਰ ਵੇਖਣ ਨੂੰ ਮਿਲਿਆ ਸੀ ਪਰ ਅੱਜ ਦੀ ਘਟਨਾ ਨੇ ਪੰਜਾਬੀਆਂ ਨੂੰ ਇਕ ਵਾਰ ਫਿਰ ਤੋਂ ਸ਼ਰਮਸਾਰ ਕੀਤਾ ਹੈ। ਲੋਕਾਂ ਵਿਚ ਹੈਰਾਨੀ ਇਸ ਗੱਲ ਦੀ ਹੈ ਕਿ 12 ਵਰ੍ਹੇ ਪਹਿਲਾਂ ਵੀ ਭਰੂਣ ਹੱਤਿਆ ਕਰਨ ਵਿਚ ਪਤੀ-ਪਤਨੀ ਸ਼ਾਮਲ ਸਨ। ਅੱਜ ਦੀ ਘਟਨਾ ਵਿਚ ਵੀ ਪਤੀ-ਪਤਨੀ ਸ਼ਾਮਲ ਪਾਏ ਗਏ ਹਨ। 
 30 ਫੁੱਟ ਡੂੰਘੇ ਖੂਹ ’ਚੋਂ ਮਿਲੇ ਸਨ 50 ਭਰੂਣ: ਸਾਲ 2006 ਦੇ ਅਗਸਤ ਮਹੀਨੇ ਦੌਰਾਨ ਜ਼ਿਲੇ ਦੇ ਪਾਤਡ਼ਾਂ ਕਸਬੇ ਵਿਚ ਇਕ ਨਰਸਿੰਗ ਹੋਮ ਦੇ ਪਿੱਛੇ 30 ਫੁੱਟ ਡੂੰਘੇ ਖੂਹ ਵਿਚੋਂ 50 ਭਰੂਣ ਮਿਲੇ ਸਨ, ਜੋ ਅਣਜੰਮੀਆਂ ਧੀਆਂ ਦੇ ਸਨ।  ਇਸ ਬਰਾਮਦਗੀ ਨੇ ਸਾਰੇ ਸੂਬੇ ਵਿਚ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਸੀ। ਇਸ ਉਪਰੰਤ ਪੰਜਾਬ ਵਿਚ ਭਰੂਣ ਹੱਤਿਆਵਾਂ ਰੋਕਣ ਲਈ ਪੀ. ਐੈੱਨ. ਡੀ. ਟੀ. ਐਕਟ ਸਖਤੀ ਨਾਲ ਲਾਗੂ ਕੀਤਾ ਗਿਆ। ਮੈਡੀਕਲ ਤੌਰ ’ਤੇ ਗਰਭਪਾਤ  ’ਤੇ ਪੂਰਨ ਪਾਬੰਦੀ ਲਾ ਦਿੱਤੀ ਗਈ। ਉਦੋਂ ਤੋਂ ਸੂਬੇ ਵਿਚ ਭਰੂਣ ਹੱਤਿਆ ਨੂੰ ਕਾਫੀ ਨੱਥ ਪਈ ਸੀ। 
 ਸਰਹੱਦ ’ਤੇ ਲੱਗੀ ਪੱਟੀ ਕਾਰਨ ਅਕਸਰ ਹਰਿਆਣਾ ਕਰਦੈ ਛਾਪੇਮਾਰੀ
 ਬੇਸ਼ੱਕ ਅੱਜ ਕੈਥਲ ਤੋਂ ਸਿਹਤ ਵਿਭਾਗ ਵੱਲੋਂ ਪਟਿਆਲਾ ਜ਼ਿਲੇ ਨਾਲ ਮਿਲ ਕੇ ਸਾਂਝੀ ਛਾਪੇਮਾਰੀ ਕੀਤੀ ਗਈ ਹੈ ਪਰ ਪਿਛਲੇ ਸਮੇਂ ਦੌਰਾਨ ਹਰਿਆਣਾ ਦੀਆਂ ਟੀਮਾਂ ਵੱਲੋਂ ਇਕੱਲਿਆਂ ਛਾਪੇਮਾਰੀ ਕੀਤੇ ਜਾਣ ਦੀਆਂ ਰਿਪੋਰਟਾਂ ਮਿਲਦੀਆਂ ਰਹੀਆਂ ਹਨ। ਉਦੋਂ ਹਰਿਆਣਾ ਦੇ ਅਧਿਕਾਰੀ ਇਹ ਦੋਸ਼ ਵੀ ਲਾਉਂਦੇ ਸਨ ਕਿ ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀ ਸਹਿਯੋਗ ਨਹੀਂ ਕਰਦੇ। ਅੱਜ ਸਥਿਤੀ ਉਲਟ ਸੀ।  ਦੋਵਾਂ   ਜ਼ਿਲਿਅਾਂ  ਦੀ ਟੀਮ ਦੀ ਸਾਂਝੀ ਕਾਰਵਾਈ ਦਾ ਨਤੀਜਾ ਸਾਹਮਣੇ ਹੈ। 
ਪਛਡ਼ੇ ਖੇਤਰ ਕਰ ਕੇ ਵੀ ਭਰੂਣ ਹੱਤਿਆਵਾਂ ਹੁੰਦੀਆਂ ਹਨ ਜ਼ਿਆਦਾ
 ਪਟਿਆਲਾ ਜ਼ਿਲੇ ਜੋ ਕਿ ਹਰਿਆਣਾ ਦੀ ਸਰਹੱਦ ਨਾਲ ਲਗਦਾ ਆਖਰੀ ਜ਼ਿਲਾ ਹੈ। ਇਸ ਦੀ ਹਰਿਆਣਾ ਨਾਲ ਲਗਦੀ ਸਰਹੱਦ ’ਤੇ ਜ਼ਿਆਦਾ ਇਲਾਕਾ ਪਛਡ਼ਿਆ ਗਿਣਿਆ ਜਾਂਦਾ ਹੈ। ਇਸ ਇਲਾਕੇ ਵਿਚ ਪਾਤਡ਼ਾਂ ਤੋਂ ਗੂਹਲਾ-ਚੀਕਾ ਆਦਿ ਖੇਤਰ ਵਿਚ ਲੋਕਾਂ ਵਿਚ ਮਾਦਾ ਭਰੂਣ ਹੱÎਤਿਆ ਕੀਤੇ ਜਾਣ ਦੀ ਬਿਰਤੀ ਪਾਈ ਜਾਂਦੀ ਹੈ। ਭਾਵੇਂ ਪੰਜਾਬ ਵਿਚ ਜਾਗਰੂਕਤਾ ਲਹਿਰ ਦਾ ਅਸਰ ਪਿਛਲੇ ਸਾਲਾਂ ਅੰਦਰ ਵੇਖਣ ਨੂੰ ਮਿਲਿਆ ਹੈ ਪਰ ਤਾਜ਼ਾ ਘਟਨਾ ਨੇ ਕਈ ਤਰ੍ਹਾਂ ਦੇ ਸਵਾਲ ਖਡ਼੍ਹੇ ਕਰ ਦਿੱਤੇ ਹਨ।


Related News