ਝੋਲਾਛਾਪ ਡਾਕਟਰਾਂ ਦੇ ਹੱਥ ''ਚ ਰੋਗੀਆਂ ਦੀ ਜ਼ਿੰਦਗੀ

Tuesday, Mar 13, 2018 - 12:23 AM (IST)

ਝੋਲਾਛਾਪ ਡਾਕਟਰਾਂ ਦੇ ਹੱਥ ''ਚ ਰੋਗੀਆਂ ਦੀ ਜ਼ਿੰਦਗੀ

ਜਲਾਲਾਬਾਦ(ਬੰਟੀ)—ਸਿਹਤ ਵਿਭਾਗ ਵੱਲੋਂ ਕਾਰਵਾਈ ਨਾ ਕਰਨ ਕਾਰਨ ਜਲਾਲਾਬਾਦ ਸ਼ਹਿਰ ਅਤੇ ਆਸੇ-ਪਾਸੇ ਦੇ ਪਿੰਡਾਂ 'ਚ ਸ਼ਰੇਆਮ ਝੋਲਾਛਾਪ ਡਾਕਟਰ ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਦੁਕਾਨਾਂ ਖੋਲ੍ਹ ਕੇ ਜਿਥੇ ਇਕ ਪਾਸੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਉਥੇ ਦੂਜੇ ਪਾਸੇ ਮੋਟੀ ਕਮਾਈ ਕਰ ਰਹੇ ਹਨ। ਇਨ੍ਹਾਂ ਕਰਕੇ ਕਈ ਵਾਰ ਤਾਂ ਮਰੀਜ਼ਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈਂਦਾ ਹੈ। ਇਹ ਝੋਲਾਛਾਪ ਡਾਕਟਰ ਬਿਨਾਂ ਡਿਗਰੀ ਦੇ ਜਾਂ ਜਾਅਲੀ ਡਿਗਰੀਆਂ ਬਣਵਾ ਕੇ ਲੋਕਾਂ ਦਾ ਇਲਾਜ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਕਈ ਗੰਭੀਰ ਰੋਗੀਆਂ ਦੀ ਜ਼ਿੰਦਗੀ ਵੀ ਅਜਿਹੇ ਝੋਲਾਛਾਪ ਡਾਕਟਰਾਂ ਦੇ ਹੱਥ 'ਚ ਹੀ ਹੈ ਪਰ ਇਨ੍ਹਾਂ ਝੋਲਾਛਾਪ ਡਾਕਟਰਾਂ ਕੋਲ ਅਜਿਹੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਦੀ ਡਿਗਰੀ ਨਹੀਂ ਹੁੰਦੀ।
ਕੀ ਕਹਿਣਾ ਹੈ ਸਿਵਲ ਸਰਜਨ ਦਾ
ਇਸ ਸਬੰਧੀ ਸਿਵਲ ਸਰਜਨ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸਮੇਂ-ਸਮੇਂ 'ਤੇ ਜਾਂਚ ਕਰਦੇ ਰਹਿੰਦੇ ਹਨ ਤੇ ਹੁਣ ਫਿਰ ਤੁਸੀਂ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਹੈ, ਜੋ ਬਹੁਤ ਗੰਭੀਰ ਮਸਲਾ ਹੈ ਤੇ ਉਹ ਜਲਦੀ ਹੀ ਐੱਸ. ਐੱਮ. ਓ. ਨਾਲ ਗੱਲ ਕਰ ਕੇ ਇਕ ਟੀਮ ਦਾ ਗਠਨ ਕਰ ਕੇ ਸਾਂਝੀ ਕਾਰਵਾਈ ਕਰਨਗੇ ਤੇ ਜਲਦੀ ਹੀ ਅਜਿਹੇ ਝੋਲਾਛਾਪ ਡਾਕਟਰਾਂ 'ਤੇ ਸ਼ਿਕੰਜਾ ਕਸਣਗੇ ਤੇ ਬਣਦੀ ਕਾਰਵਾਈ ਕਰਨਗੇ। 
ਕੀ ਕਹਿੰਦੇ ਨੇ ਸਮਾਜ ਸੇਵੀ
ਸਮਾਜ ਸੇਵੀ ਸਤਪਾਲ ਕੈਨੇਡੀਅਨ, ਵਿਜੇ ਦਹੂਜਾ, ਐਡਵੋਕੇਟ ਜੀ. ਕੇ. ਜਿੰਦਲ, ਨੰਬਰਦਾਰ ਕੁਲਬੀਰ ਸਿੰਘ, ਬੱਬੂ ਜੈਮਲਵਾਲਾ ਅਤੇ ਛਿੰਦਰਪਾਲ ਵਰਮਾ ਦਾ ਕਹਿਣਾ ਹੈ ਕਿ ਇਹ ਝੋਲਾਛਾਪ ਡਾਕਟਰ ਹੱਡੀਆਂ ਦੇ ਦਰਦ, ਬਾਂਝਪਣ, ਮਰਦਾਨਾ ਸ਼ਕਤੀ ਤੇ ਹਰੇਕ ਬੀਮਾਰੀ ਦਾ ਇਲਾਜ ਕਰਨ ਦਾ ਦਾਅਵਾ ਕਰ ਕੇ ਮਰੀਜ਼ਾਂ ਤੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ। ਇਹ ਸਭ ਲੋਕਾਂ 'ਚ ਜਾਗਰੂਕਤਾ ਦੀ ਕਮੀ ਕਾਰਨ ਹੋ ਰਿਹਾ ਹੈ ਕਿਉਂਕਿ ਹਰ ਬੀਮਾਰੀ ਦਾ ਵੱਖ-ਵੱਖ ਸਪੈਸ਼ਲਿਸਟ ਹੁੰਦਾ ਹੈ ਤੇ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਕਿ ਉਹ ਕਿਸ ਬੀਮਾਰੀ ਦਾ ਇਲਾਜ ਕਰਵਾਉਣ ਜਾ ਰਹੇ ਹਨ ਤੇ ਉਹ ਡਾਕਟਰ ਕਿਸ ਬੀਮਾਰੀ ਦਾ ਸਪੈਸ਼ਲਿਸਟ ਹੈ। ਕਈ ਡਾਕਟਰ ਅਜਿਹੇ ਹਨ, ਜਿਨ੍ਹਾਂ ਕੋਲ ਮਰੀਜ਼ ਨੂੰ ਦਾਖਲ ਕਰਨ ਦੀ ਪ੍ਰਮੀਸ਼ਨ ਹੀ ਨਹੀਂ ਹੈ ਪਰ ਫਿਰ ਵੀ ਉਹ ਆਪਣੇ ਨਿੱਜੀ ਮੁਨਾਫੇ ਲਈ ਦਾਖਲ ਕਰ ਕੇ ਮਰੀਜ਼ਾਂ ਦੀ ਲੁੱਟ ਕਰ ਰਹੇ ਹਨ। ਸਿਹਤ ਵਿਭਾਗ ਵੱਲੋਂ ਅਜਿਹੇ ਝੋਲਾਛਾਪ ਡਾਕਟਰਾਂ 'ਤੇ ਕਾਰਵਾਈ ਨਾ ਕਰਨ ਕਾਰਨ ਇਨ੍ਹਾਂ ਦੇ ਹੌਸਲੇ ਬੁਲੰਦ ਹਨ। ਲੋਕ ਵੀ ਦੂਰ ਜਾਣ ਦੀ ਬਜਾਏ ਨੇੜੇ ਹੀ ਇਲਾਜ ਕਰਵਾਉਣ ਦੇ ਚੱਕਰ ਵਿਚ ਆਪਣੇ-ਆਪ ਨੂੰ ਅਤੇ ਆਪਣੇ ਬੱÎਚਿਆਂ ਨੂੰ ਇਨ੍ਹਾਂ ਝੋਲਾਛਾਪ ਡਾਕਟਰਾਂ ਕੋਲ ਲੈ ਜਾਂਦੇ ਹਨ ਤੇ ਬਾਅਦ 'ਚ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੋ ਪੈਸੇ ਦੀ ਲੁੱਟ ਹੁੰਦੀ ਹੈ, ਉਹ ਵੱਖ। ਪਿੰਡਾਂ ਵਿਚ ਤਾਂ ਇਨ੍ਹਾਂ ਝੋਲਾਛਾਪ ਡਾਕਟਰਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੈ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਸਖਤੀ ਨਾਲ ਕੰਮ ਲੈਂਦੇ ਹੋਏ ਇਨ੍ਹਾਂ ਝੋਲਾਛਾਪ ਡਾਕਟਰਾਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਕੀਮਤੀ ਜਾਨ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ।


Related News