ਜੇਕਰ ਤੁਹਾਡੀ ਉਮਰ ਹੈ 30 ਸਾਲ ਤੋਂ ਉੱਪਰ ਤਾਂ ਸਿਹਤ ਵਿਭਾਗ ਘਰ ਆ ਕੇ ਪੁੱਛੇਗਾ ਤੁਹਾਡਾ ਹਾਲ
Thursday, Aug 03, 2017 - 04:31 PM (IST)
ਜਲੰਧਰ— ਜ਼ਿਲੇ 'ਚ ਜਲਦੀ ਹੀ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਨਾਨ ਕਮਿਊਨਿਕੇਬਲ ਡਿਸੀਜ਼ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਜ਼ਰੀਏ ਜੇਕਰ ਤੁਹਾਡੀ ਉਮਰ 30 ਸਾਲ ਜਾਂ ਇਸ ਤੋਂ ਉੱਪਰ ਹੈ ਤਾਂ ਸਿਹਤ ਵਿਭਾਗ ਦੀ ਟੀਮ ਤੁਹਾਡੇ ਚੈੱਕਅਪ ਲਈ ਤੁਹਾਡੇ ਘਰ ਆਵੇਗੀ। ਇਸ ਦੇ ਲਈ ਜ਼ਿਲੇ ਦੇ ਅਧਿਕਾਰੀਆਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ। ਪੰਜਾਬ ਦੇ ਹੋਰ ਜ਼ਿਲਿਆਂ ਦੇ ਅਧਿਕਾਰੀ ਵੀ ਟ੍ਰੇਂਡ ਕੀਤੇ ਜਾ ਰਹੇ ਹਨ। ਟ੍ਰੇਨਿੰਗ ਪੂਰੀ ਹੁੰਦੇ ਹੀ ਪ੍ਰੋਗਰਾਮ ਲਾਗੂ ਹੋ ਜਾਵੇਗਾ, ਜਿਸ 'ਚ 15 ਤੋਂ 20 ਦਿਨ ਦਾ ਸਮਾਂ ਲੱਗ ਸਕਦਾ ਹੈ। ਸਿਹਤ ਵਿਭਾਗ ਦੀ ਟੀਮ ਹਰ ਘਰ ਦਾ ਦੌਰਾ ਕਰਕੇ 30 ਤੋਂ ਵੱਧ ਉਮਰ ਦੇ ਲੋਕਾਂ ਨੂੰ ਕੁਝ ਸਵਾਲ ਕਰੇਗੀ। ਜੇਕਰ ਜਵਾਬ 'ਚ ਕਿਸੇ ਬੀਮਾਰੀ ਦੇ ਲੱਛਣਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਲੋਕਾਂ ਨੂੰ ਚੈੱਕਅਪ ਲਈ ਰਜਿਸਟਰਡ ਕੀਤਾ ਜਾਵੇਗਾ।
ਸਿਵਲ ਸਰਜਨ ਦੇ ਡਾ. ਆਰ. ਐੱਸ. ਰੰਧਾਵਾ ਨੇ ਦੱਸਿਆ ਕਿ ਪ੍ਰੋਗਰਾਮ ਦਾ ਮਕਸਦ ਬੀਮਾਰੀ ਨੂੰ ਸ਼ੁਰੂਆਤੀ ਪੜਾਅ 'ਚ ਹੀ ਫੜਨਾ ਹੈ ਤਾਂਕਿ ਇਲਾਜ 'ਚ ਆਸਾਨੀ ਹੋ ਸਕੇ ਅਤੇ ਮਰੀਜ਼ ਜਲਦੀ ਠੀਕ ਹੋ ਜਾਵੇ। ਉਨ੍ਹਾਂ ਦੇ ਹੈਲਥ ਵਰਕਰ ਲੋਕਾਂ ਨੂੰ ਸਰਕਾਰੀ ਸਿਹਤ ਬੀਮਾ ਬਾਰੇ ਜਾਗਰੂਕ ਕਰਨਗੇ।
ਜ਼ਿਕਰਯੋਗ ਹੈ ਕਿ ਜ਼ਿਲੇ 'ਚ ਕੁੱਲ 1430 ਆਸ਼ਾ ਵਰਕਰਾਂ ਹਨ, ਜੋ ਹਰ ਘਰ ਦਾ ਦੌਰਾ ਕਰਨਗੀਆਂ। ਸਰਵੇ 'ਚ ਸਿਗਰਟ, ਸ਼ਰਾਬ, ਹਾਰਟ, ਸ਼ੂਗਰ, ਕੈਂਸਰ ਆਦਿ ਬੀਮਾਰੀਆਂ ਨੂੰ ਲੈ ਕੇ ਸਵਾਲ ਕੀਤੇ ਜਾਣਗੇ। ਪੂਰੇ ਕੀਤੇ ਗਏ ਫਾਰਮਾਂ ਨੂੰ ਲੈ ਕੇ ਆਸ਼ਾ ਵਰਕਰ ਇਲਾਕੇ ਦੇ ਹੈਲਥ ਵਰਕਰ ਜਾਂ ਏ.ਐੱਨ.ਐੱਮ ਕੋਲ ਜਮ੍ਹਾ ਕਰਵਾਉਣਗੀਆਂ। ਜੇਕਰ ਉੱਤਰਾਂ 'ਚ ਬੀਮਾਰੀ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਕ ਰੈਫਰਲ ਸਲਿਪ ਦਿੱਤੀ ਜਾਵੇਗੀ। ਘਰਾਂ 'ਚ ਸਰਵੇ ਖਤਮ ਹੋਣ ਤੋਂ ਬਾਅਦ ਇਲਾਕੇ 'ਚ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ 'ਚ ਰੈਫਰਲ ਸਲਿਪ ਵਾਲੇ ਲੋਕਾਂ ਨੂੰ ਬੁਲਾਇਆ ਜਾਵੇਗਾ। ਬੀਮਾਰੀ ਦਾ ਸਹੀ ਪਤਾ ਲੱਗਣ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਜਾਵੇਗਾ। ਇਸ 'ਚ ਦਵਾਈ ਅਤੇ ਬਾਕੀ ਦੀਆਂ ਸਹੂਲਤਾਂ ਫ੍ਰੀ 'ਚ ਮਿਲਣਗੀਆਂ।
