ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਲਏ ਗਏ ਸੈਂਪਲਾਂ ’ਚ ਹੈਰਾਨੀਜਨਕ ਖੁਲਾਸੇ

Saturday, Apr 22, 2023 - 05:06 PM (IST)

ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਲਏ ਗਏ ਸੈਂਪਲਾਂ ’ਚ ਹੈਰਾਨੀਜਨਕ ਖੁਲਾਸੇ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸਿਹਤ ਵਿਭਾਗ ਵੱਲੋਂ ਰੁਟੀਨ ਵਿਚ ਕੀਤੀ ਜਾ ਰਹੀ ਸੈਂਪਲਿੰਗ ਤਹਿਤ ਬੀਤੇ ਸਮੇਂ ਦੌਰਾਨ ਪੀਣ ਵਾਲੇ ਪਾਣੀ ਦੇ ਲਏ ਗਏ ਸੈਂਪਲਾਂ ਦੇ ਨਤੀਜੇ ਹੈਰਾਨੀਜਨਕ ਸਾਹਮਣੇ ਆਏ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਪੀਣ ’ਚ ਆਯੋਗ ਪਾਏ ਗਏ ਹਨ ਅਤੇ ਸੈਂਪਲ ਫੇਲ੍ਹ ਆਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਈ ਜਲਘਰਾਂ ਦੇ ਸੈਂਪਲ ਵੀ ਪੀਣ ਦੇ ਆਯੋਗ ਪਾਏ ਗਏ ਹਨ। ਸਿਵਲ ਸਰਜਨ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਵਿਚ ਕੁੱਲ 55 ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ। ਇਸ ਦੌਰਾਨ ਹੀ 26 ਸਰਕਾਰੀ ਸਕੂਲਾਂ ਅਤੇ 9 ਜਲਘਰਾਂ ਦੇ ਵੀ ਪਾਣੀ ਦੇ ਸੈਂਪਲ ਭਰੇ ਗਏ।

16 ਸਕੂਲਾਂ ਦੇ ਪੀਣ ਵਾਲਾ ਪਾਣੀ ਪੀਣ ਦੇ ਆਯੋਗ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 26 ਸਰਕਾਰੀ ਸਕੂਲਾਂ ’ਚੋਂ ਪੀਣ ਵਾਲੇ ਪਾਣੀ ਦੇ ਸੈਂਪਲ ਸਿਹਤ ਵਿਭਾਗ ਵੱਲੋਂ ਬੀਤੇ ਤਿੰਨ ਮਹੀਨਿਆਂ ਵਿਚ ਲਏ ਗਏ। ਇਸ ਦੌਰਾਨ 16 ਸਕੂਲਾਂ ਦਾ ਪੀਣ ਵਾਲਾ ਪਾਣੀ ਪੀਣ ਦੇ ਆਯੋਗ ਪਾਇਆ ਗਿਆ। ਜਿੰਨ੍ਹਾਂ ਸਰਕਾਰੀ ਸਕੂਲਾਂ ਦੇ ਪੀਣ ਵਾਲਾ ਪਾਣੀ ਪੀਣ ਦੇ ਆਯੋਗ ਪਾਇਆ ਗਿਆ ਉਨ੍ਹਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮਿੱਠੜੀ ਬੁੱਧਗਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘੇਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਸਿੰਘੇਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਫਤੂਹੀਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਸਿੰਘੇਵਾਲਾ, ਸਰਕਾਰੀ ਹਾਈ ਸਕੂਲ ਆਧਨੀਆ, ਸਰਕਾਰੀ ਹਾਈ ਸਕੂਲ ਵੜਿੰਗ, ਸਰਕਾਰੀ ਪ੍ਰਾਇਮਰੀ ਸਕੂਲ ਵੜਿੰਗ, ਸਰਕਾਰੀ ਪ੍ਰਾਇਮਰੀ ਸਕੂਲ ਹਰਾਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬੇਲਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਫੁੱਲੂਖੇੜਾ, ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਵਜੀਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੁੱਲੂਖੇੜਾ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਸਿੱਧਵਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ, ਸਰਕਾਰੀ ਸੀਨਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ ਬਰਾਂਚ 2 4 ਜਲਘਰਾਂ ਦਾ ਪੀਣ ਵਾਲਾ ਪਾਣੀ ਵੀ ਆਯੋਗ ਪਾਇਆ ਗਿਆ ਹੈ।  ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 9 ਜਲਘਰਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਲਏ ਗਏ। ਇਨ੍ਹਾਂ ਜਲਘਰਾਂ ਦੇ 9 ਸੈਂਪਲਾਂ ’ਚੋਂ 4 ਜਲਘਰਾਂ ਦਾ ਪੀਣ ਵਾਲਾ ਪਾਣੀ ਵੀ ਆਯੋਗ ਪਾਇਆ ਗਿਆ। ਜਲਘਰ ਪਿੰਡ ਖਿਉਵਾਲੀ, ਜਲਘਰ ਚੱਕ ਗਿਲਜੇਵਾਲਾ, ਜਲਘਰ ਸੁਖਨਾ ਅਬਲੂ ਅਤੇ ਜਲਘਰ ਅਰਨੀਵਾਲਾ, ਫੁੱਲੂਖੇੜਾ ਦਾ ਪੀਣ ਵਾਲਾ ਪਾਣੀ ਪੀਣ ਦੇ ਆਯੋਗ ਪਾਇਆ ਗਿਆ।

ਕੀ ਕਹਿੰਦੇ ਹਨ ਸਿਹਤ ਵਿਭਾਗ ਦੇ ਅਧਿਕਾਰੀ

ਇਸ ਮਾਮਲੇ ਵਿਚ ਜ਼ਿਲ੍ਹਾ ਸਿਹਤ ਇੰਸਪੈਕਟਰ ਭਗਵਾਨ ਦਾਸ ਨੇ ਦੱਸਿਆ ਕਿ ਜਿਨ੍ਹਾਂ ਸਕੂਲਾਂ ਅਤੇ ਜਲਘਰਾਂ ਦੇ ਸੈਂਪਲ ਫੇਲ੍ਹ ਹੋਏ ਹਨ ਉਨ੍ਹਾਂ ਦੇ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਇਸ ਸਬੰਧੀ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਥਾਂਵਾਂ ’ਤੇ ਵਿਭਾਗ ਵੱਲੋਂ ਵੀ ਆਪਣੇ ਪੱਧਰ ’ਤੇ ਕੈਲੋਰੀਨ ਕਰਵਾਈ ਜਾ ਰਹੀ ਹੈ।

ਕੀ ਕਹਿੰਦੇ ਹਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ

ਮਾਮਲੇ ਸਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪਿਲ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਸਿਹਤ ਵਿਭਾਗ ਵੱਲੋਂ ਜੋ ਪੱਤਰ ਪ੍ਰਾਪਤ ਹੋਇਆ ਉਸਦੇ ਆਧਾਰ ’ਤੇ ਸਬੰਧਿਤ ਸਕੂਲਾਂ ਦੇ ਮੁਖੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਇਹ ਹਦਾਇਤ ਪਹਿਲ ਦੇ ਆਧਾਰ ’ਤੇ ਕੀਤੀ ਗਈ ਹੈ ਕਿ ਬੱਚਿਆਂ ਨੂੰ ਇਹ ਪਾਣੀ ਨਾ ਪੀਣ ਦਿੱਤਾ ਜਾਵੇ ਅਤੇ ਗਰਮੀ ਨੂੰ ਦੇਖਦਿਆ ਪੀਣ ਦੇ ਸਾਫ਼ ਪਾਣੀ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ।  

 


author

Gurminder Singh

Content Editor

Related News