ਸਿਹਤ ਨਾਲ ਖਿਲਵਾੜ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਭਰੇ 6 ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ
Saturday, Oct 23, 2021 - 03:09 PM (IST)
ਤਰਨ ਤਾਰਨ (ਰਮਨ) - ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਜਿਥੇ ਖਾਣ-ਪੀਣ ਵਾਲੇ ਕਾਰੋਬਾਰੀਆਂ ਦੀਆਂ ਦੁਕਾਨਾਂ ਆਦਿ ਨੂੰ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਹੈ, ਉਥੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਸੀਲ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਲੜੀ ਤਹਿਤ ਸ਼ੁੱਕਰਵਾਰ ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਸ਼ਹਿਰ ਅੰਦਰ ਮੌਜੂਦ ਵੱਖ-ਵੱਖ ਖਾਣ-ਪੀਣ ਵਾਲੀਆਂ ਦੁਕਾਨਾਂ ਤੋਂ ਕੁੱਲ 6 ਵਸਤੂਆਂ ਦੇ ਸੈਂਪਲ ਸੀਲ ਕਰਦੇ ਹੋਏ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ, ਜਿਸ ਦੀ ਰਿਪੋਰਟ ਆਉਣ ਉਪਰੰਤ ਬਣਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਜ਼ਿਕਰਯੋਗ ਹੈ ਕਿ ਸੜਕ ’ਤੇ ਰੱਖੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਵੇਖ ਕੇ ਦੁਕਾਨ ਮਾਲਕ ਨੂੰ ਜਿਥੇ ਸਹਾਇਕ ਕਮਿਸ਼ਨਰ ਫੂਡ ਦੀਆਂ ਝਾੜਾਂ ਸਹਿਣ ਕਰਨ ਲਈ ਮਜਬੂਰ ਹੋਣਾ ਪਿਆ, ਉਥੇ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਐੱਫ. ਡੀ. ਏ. ਵਿਭਾਗ ਦੇ ਚੇਅਰਮੈਨ ਤੋਂ ਮਿਲੇ ਸਖ਼ਤ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਸਮੇਤ ਸਿਵਲ ਸਰਜਨ ਡਾ. ਰੋਹਿਤ ਮਹਿਤਾ ਦੇ ਨਿਰਦੇਸ਼ਾਂ ਤਹਿਤ ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਰੋਕਣ ਲਈ ਸਮੇਂ ’ਤੇ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਕੌਰ ਦਾ ਕੈਪਟਨ ’ਤੇ ਸ਼ਬਦੀ ਹਮਲਾ, ਕਿਹਾ ‘ਅਫਸਰਾਂ ਤੋਂ ਪੈਸੇ ਲੈ ਅਰੂਸਾ ਨੂੰ ਦਿੰਦੇ ਸੀ ਤੋਹਫ਼ੇ’
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ, ਜਿਨ੍ਹਾਂ ’ਚ ਕਰਿਆਨਾ, ਹਲਵਾਈ ਸ਼ਾਮਲ ਸਨ, ਪਾਸੋਂ ਤਿੰਨ ਮਠਿਆਈ ਅਤੇ ਦੋ ਕਰਿਆਨਾ ਵਸਤੂਆਂ ਦੇ ਸੈਂਪਲ ਸੀਲ ਕੀਤੇ ਗਏ। ਇਸ ਦੇ ਨਾਲ ਹੀ ਇਕ ਫੂਡ ਸਪਲੀਮੈਂਟ ਦਾ ਕਾਰੋਬਾਰ ਕਰਨ ਵਾਲੇ ਪਦਾਰਥ ਨੂੰ ਵੀ ਸੀਲ ਕੀਤਾ ਗਿਆ, ਜਿਸ ਦੀ ਰਿਪੋਰਟ ਲੈਬਾਰਟਰੀ ਤੋਂ ਆਉਣੀ ਬਾਕੀ ਹੈ। ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਬਿਨਾਂ ਸਾਫ਼-ਸਫ਼ਾਈ ਕਾਰੋਬਾਰ ਕਰਨ ਵਾਲੇ ਇਕ ਦੁਕਾਨ ਮਾਲਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਸਮੂਹ ਹਲਵਾਈਆਂ, ਰੈਸਟੋਰੈਂਟ ਮਾਲਕਾਂ, ਢਾਬਾ ਮਾਲਕਾਂ, ਜੂਸ ਬਾਰ ਮਾਲਕਾਂ ਆਦਿ ਨੂੰ ਅਪੀਲ ਕੀਤੀ ਹੈ ਕਿ ਉਹ ਸਾਫ-ਸੁਥਰੇ ਢੰਗ ਨਾਲ ਕਾਰੋਬਾਰ ਕਰਦੇ ਹੋਏ ਵਧੀਆ ਮਟੀਰੀਅਲ ਦੀ ਵਰਤੋਂ ਕਰਨ। ਇਸ ਮੌਕੇ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)