ਨੂੰਹ ਨੇ ਕੀਤਾ ਸੱਸ-ਸਹੁਰੇ ਨੂੰ ਤੰਗ-ਪ੍ਰੇਸ਼ਾਨ

Wednesday, Sep 13, 2017 - 06:56 AM (IST)

ਨੌਸ਼ਹਿਰਾ ਪੰਨੂੰਆ,   (ਬਲਦੇਵ)-  ਮਾਵਾਂ ਪੁੱਤਰਾਂ ਨੂੰ ਵਿਆਹ ਕੇ ਨੂੰਹਾਂ ਨੂੰ ਸਿਰ ਉਪਰੋਂ ਪਾਣੀ ਵਾਰ ਕੇ ਕਿੰਨੇ ਸ਼ਗਨ ਮਨਾਉਂਦੀਆਂ ਹਨ। ਇਹ ਹਰ ਕਿਸੇ ਨੂੰ ਪਤਾ ਹੈ ਪਰ ਇੱਥੇ ਇਸ ਦੇ ਉਲਟ ਹੈ, ਜਦੋਂ ਨੂੰਹ ਨੇ ਸੱਸ-ਸਹੁਰੇ ਨੂੰ ਕੋਰਟ ਕਚਹਿਰੀ ਤੇ ਥਾਣਿਆਂ ਤੱਕ ਰੱਜ ਕੇ ਖੱਜਲ-ਖੁਆਰ ਕੀਤਾ ਅਤੇ ਉਨ੍ਹਾਂ ਦਾ ਹਿੱਸਾ ਵੀ ਆਪਣੇ ਨਾਂ ਲਗਾਉਣ ਲਈ ਮਜਬੂਰ ਕਰ ਰਹੀ ਹੈ। ਇਹ ਦੁੱਖ ਭਰੀ ਕਹਾਣੀ ਹੈ ਪਿੰਡ ਠੱਠੀਆਂ ਮਹੰਤਾਂ ਦੇ ਬੂਟਾ ਸਿੰਘ ਅਤੇ ਉਸ ਦੀ ਪਤਨੀ ਪ੍ਰੀਤਮ ਕੌਰ ਦੀ, ਜਿਨ੍ਹਾਂ ਦੇ ਪੁੱਤਰ ਸਵ. ਗੁਰਜੀਤ ਸਿੰਘ ਦਾ ਵਿਆਹ 7 ਸਾਲ ਪਹਿਲਾਂ ਕਰਮਜੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਸਰਲੀ ਮੰਡ ਨਿੱਕੀ ਨਾਲ ਹੋਇਆ ਸੀ।
 ਗੁਰਜੀਤ ਸਿੰਘ ਦੁਬਈ 'ਚ ਡਰਾਈਵਰੀ ਕਰਦਾ ਸੀ, ਜਿਸ ਦੇ ਗੁਰਦਿਆਂ ਵਿਚ ਇਨਫੈਕਸ਼ਨ ਹੋਣ ਕਾਰਨ ਉਹ ਵਾਪਸ ਠੱਠੀਆਂ ਮਹੰਤਾਂ ਆ ਗਿਆ। ਕਰਮਜੀਤ ਕੌਰ ਨੇ ਗੁਰਜੀਤ ਸਿੰਘ ਦਾ ਇਲਾਜ ਕਿਸੇ ਚੰਗੇ ਡਾਕਟਰ ਕੋਲੋਂ ਨਹੀਂ ਸਗੋਂ ਆਪਣੇ ਭਰਾ (ਸੁਰਜੀਤ ਸਿੰਘ), ਜੋ ਕਿ ਇਕ ਝੋਲਾ ਛਾਪ ਡਾਕਟਰ ਹੈ ਤੋਂ ਕਰਾਇਆ।
 ਗੁਰਜੀਤ ਸਿੰਘ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਗਈ। ਗੁਰਜੀਤ ਸਿੰਘ ਆਪਣੇ ਮਾਪਿਆਂ ਦੇ ਬਥੇਰੇ ਤਰਲੇ ਲੈਂਦਾ ਰਿਹਾ ਕਿ ਉਸ ਦਾ ਇਲਾਜ ਵਧੀਆ ਡਾਕਟਰ ਕੋਲੋਂ ਕਰਵਾਓ ਪਰ ਕਰਮਜੀਤ ਉਨ੍ਹਾਂ ਨੂੰ ਧਮਕੀਆਂ ਦੇ ਕੇ ਉਸ ਦਾ ਇਲਾਜ ਆਪਣੇ ਭਰਾ ਤੋਂ ਕਰਾਉਂਦੀ ਰਹੀ ਅਤੇ ਅਖੀਰ ਗੁਰਜੀਤ ਸਿੰਘ ਇਲਾਜ ਨਾ ਹੋਣ ਕਾਰਨ ਚੱਲ ਵਸਿਆ। ਗੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਆਪਣੇ ਪੇਕਿਆਂ ਦੀ ਮਿਲੀਭੁਗਤ ਨਾਲ ਕਰਮਜੀਤ ਕੌਰ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਤੇ ਉਨ੍ਹਾਂ ਦੇ ਵੱਡੇ ਪੁੱਤਰ ਨਿਰਮਲ ਸਿੰਘ ਵੱਲੋਂ ਹੱਥੀਂ ਪੈਣ ਸਬੰਧੀ ਝੂਠੀ ਦਰਖਾਸਤ ਦੇ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੂਟਾ ਸਿੰਘ ਅਤੇ ਉਸ ਦੀ ਪਤਨੀ ਪ੍ਰੀਤਮ ਕੌਰ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਬੂਟਾ ਸਿੰਘ ਵੱਲੋਂ ਐੱਸ. ਐੱਸ. ਪੀ. ਤਰਨਤਾਰਨ ਨੂੰ ਦਰਖਾਸਤ ਦਿੱਤੀ ਗਈ ਪਰ ਉਨ੍ਹਾਂ ਵੱਲੋਂ ਵੀ ਕੋਈ ਇਨਸਾਫ ਨਹੀਂ ਮਿਲਿਆ ਸਗੋਂ ਕਰਮਜੀਤ ਕੌਰ ਉਨ੍ਹਾਂ ਨੂੰ ਆਪਣੇ ਪੇਕਿਆਂ ਦੇ ਜ਼ੋਰ 'ਤੇ ਧਮਕੀਆਂ ਦੇ ਰਹੀ ਹੈ।


Related News