ਐੱਚ. ਡੀ. ਐੱਫ. ਸੀ. ਮੈਨੇਜ਼ਰ ਸਮੇਤ 4 ਬੈਂਕ ਕਰਮਚਾਰੀ ਹੋਏ ਕੋਰੋਨਾ ਪਾਜ਼ੇਟਿਵ

Thursday, Sep 10, 2020 - 08:45 PM (IST)

ਬਾਬਾ ਬਕਾਲਾ ਸਾਹਿਬ,(ਰਾਕੇਸ਼)- ਸਥਾਨਕ ਕਸਬਾ ਬਾਬਾ ਬਕਾਲਾ ਸਾਹਿਬ 'ਚ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ਾਖਾ ਪ੍ਰਬੰਧਕ ਸਮੇਤ ਕੁੱਲ 4 ਬੈਂਕ ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਬੈਂਕ ਦਾ ਕੰਮ ਪਿਛਲੇ ਦੋ ਦਿਨਾਂ ਤੋਂ ਮੁਕੰਮਲ ਤੌਰ 'ਤੇ ਬੰਦ ਰਿਹਾ । ਅੱਜ ਤੀਸਰੇ ਦਿਨ ਬੈਂਕ ਨੂੰ ਸੰਕੇਤਕ ਤੌਰ 'ਤੇ ਖੋਲ ਕੇ ਦੂਸਰੀ ਸ਼ਾਖਾ ਦੇ ਦੋ ਕਰਮਚਾਰੀਆਂ ਨੂੰ ਡਿਊਟੀ 'ਤੇ ਭੇਜਿਆ ਗਿਆ, ਪਰ ਲੋਕਾਂ 'ਚ ਡਰ ਪੈਦਾ ਹੋਣ ਕਾਰਨ ਬੈਂਕ ਵਿਚ ਕਿਸੇ ਕਿਸਮ ਦਾ ਲੈਣ ਦੇਣ ਨਹੀ ਹੋ ਸਕਿਆ। ਇਸ ਤੋਂ ਇਲਾਵਾ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਚਲੇ ਕਈ ਪਿੰਡਾਂ ਵਿਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਹਰੇਕ ਪਿੰਡ ਵਿਚ ਕੋਈ ਨਾ ਕੋਈ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲ ਰਿਹਾ ਹੈ। ਇਕ ਸਰਵੇਖਣ ਅਨੁਸਾਰ ਹੁਣ ਤੱਕ ਰਈਆ, ਬਾਬਾ ਬਕਾਲਾ ਸਾਹਿਬ, ਸਠਿਆਲਾ, ਬੁਤਾਲਾ, ਚੀਮਾਬਾਠ, ਛੱਜਲਵੱਡੀ, ਖਿਲਚੀਆਂ, ਭਿੰਡਰ ਆਦਿ ਪਿੰਡਾਂ ਸਮੇਤ ਬਹੁਤ ਸਾਰੇ ਹੋਰ ਇਲਾਕਿਆਂ ਵਿਚ ਵੀ ਇਸ ਦੀ ਦਹਿਸ਼ਤ ਬਣੀ ਹੋਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਥਾਂ-ਥਾਂ 'ਤੇ ਸੈਂਪਲ ਲਏ ਜਾ ਰਹੇ ਹਨ, ਜੋ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਨ੍ਹਾਂ ਟੈਸਟਾਂ ਦਾ ਕੋਈ ਪੈਸਾ ਨਹੀ ਲਿਆ ਜਾ ਰਿਹਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਜੇ ਭਾਟੀਆ, ਮੈਡੀਕਲ ਸਪੈਸਲਿਸ਼ਟ ਡਾ. ਸਾਹਿਬਜੀਤ ਸਿੰਘ, ਡਾ. ਲਖਵਿੰਦਰ ਸਿੰਘ ਬੀ. ਡੀ. ਐੱਸ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਸੈਂਪਲਾ 'ਚ ਤੇਜ਼ੀ ਲਿਆਦੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਨਿਡਰ ਹੋ ਕੇ ਕੋਰੋਨਾ ਸੈਂਪਲ ਦੇਣ ਲਈ ਵੀ ਕਿਹਾ ਹੈ।


Bharat Thapa

Content Editor

Related News