ਹਜੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਵਾਨਾ

Saturday, Apr 25, 2020 - 09:56 AM (IST)

ਹਜੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਵਾਨਾ

ਪਟਿਆਲਾ (ਰਾਜੇਸ਼ ਪੰਜੋਲਾ): ਹਜੂਰ ਸਾਹਿਬ ਚ ਫਸੇ ਸ਼ਰਧਾਲੂਆਂ ਨੂੰ ਲੈ ਕੇ ਆਉਣ ਲਈ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਦੀ ਹਾਜ਼ਰੀ 'ਚ ਸ਼ਨੀਵਾਰ  ਨੂੰ ਸਵੇਰੇ 9.00 ਵਜੇ ਬਸ ਸਟੈਂਡ ਪਟਿਆਲਾ ਤੋਂ ਬੱਸਾਂ ਨੂੰ  ਰਵਾਨਾ ਕੀਤਾ ਗਿਆ । ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋ ਬਾਅਦ ਪੰਜਾਬ ਸਰਕਾਰ ਨੇ ਪੀ.ਆਰ.ਟੀ.ਸੀ. ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।ਚੇਅਰਮੈਨ ਕੇ ਕੇ ਸ਼ਰਮਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਆਪਣੇ 17 ਡਿਪੂਆਂ ਤੋਂ ਬੱਸਾਂ ਮੰਗਵਾਈਆਂ ਹਨ। ਸਮੁੱਚੀਆਂ 32 ਬੱਸਾਂ ਅੱਜ ਦੁਪਿਹਰ 12 ਵਜੇ ਬਠਿੰਡਾ ਪਹੁੰਚ ਜਾਣਗੀਆਂ ਅਤੇ ਹਜੂਰ ਸਾਹਿਬ ਲਈ ਬੱਸਾਂ ਦਾ ਕਾਫਲਾ ਰਵਾਨਾ ਹੋ ਜਾਵੇਗਾ।

PunjabKesari

ਪੰਜਾਬ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਲਗਾਈ ਤਾਲਾਬੰਦੀ ਕਾਰਨ ਹਜ਼ੂਰ ਸਾਹਿਬ (ਨਾਂਦੇੜ, ਮਹਾਂਰਾਸ਼ਟਰ) 'ਚ ਫਸੇ ਸੂਬੇ ਦੇ 3000 ਸ਼ਰਧਾਲੂਆਂ ਦੀ ਸੁਰੱਖਿਅਤ ਵਾਪਸੀ ਦੀ ਮਨਜੂਰੀ ਲਈ ਮਹਾਰਾਸ਼ਟਰ ਸਰਕਾਰ ਨੂੰ ਬੇਨਤੀ ਕੀਤੀ ਸੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਸੀ ਕਿ ਵਧੀਕ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਮਹਾਰਾਸ਼ਟਰ ਸਰਕਾਰ ਨੂੰ ਇੱਕ ਪੱਤਰ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਕਿ ਸ਼ਰਧਾਲੂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਰਾਹੀਂ ਬੱਸ/ਸੜਕ ਰਾਹੀਂ ਸੂਬੇ 'ਚ ਵਾਪਸ ਆਉਣਗੇ। ਇਸੇ ਤਰ੍ਹਾਂ ਇਨ੍ਹਾਂ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਯਾਤਰੀਆਂ ਦੀ ਬਿਨਾ ਰੋਕੇ ਵਾਪਸੀ ਲਈ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ। ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਵਾਪਸੀ 'ਤੇ ਇਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਅਨੁਸਾਰ 14 ਦਿਨਾਂ ਲਈ ਘਰ 'ਚ ਇਕਾਂਤਵਾਸ 'ਚ ਰੱਖਿਆ ਜਾਵੇਗਾ।


author

Shyna

Content Editor

Related News