ਹਜ਼ੂਰ ਸਾਹਿਬ ਨਾਂਦੇੜ ਸਣੇ 2 ਉਡਾਣਾਂ ਬੰਦ ਹੋਣ ਦਾ ਖਦਸ਼ਾ

10/26/2021 2:10:30 AM

ਅੰਮ੍ਰਿਤਸਰ- ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨੇ ਏਅਰ ਇੰਡੀਆ ਵੱਲੋਂ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਅਤੇ ਇਟਲੀ ਦੇ ਸ਼ਹਿਰ ਰੋਮ ਲਈ ਚੱਲ ਰਹੀਆਂ ਸਿੱਧੀਆਂ ਉਡਾਣਾਂ ਬੰਦ ਕਰਨ ਦਾ ਖਦਸ਼ਾ ਪ੍ਰਗਟਾਇਆ ਹੈ। 
ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਇਸ ਮਸਲੇ ਵੱਲ ਧਿਆਨ ਦਿਵਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਵਾਬਾਜ਼ੀ ਮੰਤਰੀ ਤੱਕ ਪਹੁੰਚ ਕਰ ਕੇ ਉਡਾਣਾਂ ਚਾਲੂ ਰੱਖਣ ਦੀ ਅਪੀਲ ਕੀਤੀ ਹੈ। 
ਗੁਮਟਾਲਾ ਨੇ ਸਰਦ ਰੁੱਤ ਦੀ ਸਮਾਂ ਸੂਚੀ 'ਚ ਇਨ੍ਹਾਂ ਉਡਾਣਾਂ ਦੀ ਬੁਕਿੰਗ ਬੰਦ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਟਾਟਾ ਸਨਜ਼ ਲਿਮਿਟਡ ਦੇ ਹਵਾਲੇ ਕਰਨ ਤੋਂ ਪਹਿਲਾਂ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਘਰੇਲੂ ਅਤੇ ਕੌਮਾਂਤਰੀ ਹਵਾਈ ਸੰਪਰਕ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਆਉਂਦੇ ਨਵੰਬਰ ਮਹੀਨੇ ਤੋਂ ਏਅਰ ਇੰਡੀਆ ਦੀ ਨਾਂਦੇੜ-ਅੰਮ੍ਰਿਤਸਰ ਸਿੱਧੀ ਉਡਾਣ ਦੀ ਬੁਕਿੰਗ ਏਅਰਲਾਈਨ ਜਾਂ ਟਰੈਵਲ ਏਜੰਸੀਆਂ ਦੀ ਵੈੱਬਸਾਈਟ 'ਤੇ ਉਪਲਬਧ ਨਹੀਂ ਹੈ। ਇਸੇ ਤਰ੍ਹਾਂ ਹਫਤੇ 'ਚ ਸਿਰਫ ਇੱਕ ਦਿਨ ਚਲਾਈ ਜਾਂਦੀ ਦਿੱਲੀ-ਅੰਮ੍ਰਿਤਸਰ-ਰੋਮ ਸਿੱਧੀ ਉਡਾਣ ਦੀ ਬੁਕਿੰਗ ਵੀ 30 ਅਕਤੂਬਰ ਤੋਂ ਬਾਅਦ ਵੈੱਬਸਾਈਟ 'ਤੇ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਵੱਲੋਂ ਆਪਣੀ ਵੈੱਬਸਾਈਟ 'ਤੇ ਦਿੱਲੀ ਗਈਆਂ ਕੌਮਾਂਤਰੀ ਉਡਾਣਾਂ ਦੀ ਸੂਚੀ 'ਚ 28 ਅਕਤੂਬਰ ਤੋਂ ਬਾਅਦ ਇਹ ਉਡਾਣ ਉਪਲਬਧ ਨਹੀਂ ਹੈ। 
ਗੁਮਟਾਲਾ ਨੇ ਦੱਸਿਆ ਕਿ ਅੰਮ੍ਰਿਤਸਰ-ਨਾਂਦੇੜ ਵਿਚਾਲੇ ਸਿੱਧੀ ਉਡਾਣ ਤਿੰਨ ਸਾਲਾਂ ਦੇ ਵੱਧ ਸਮੇਂ ਤੋਂ ਚੱਲ ਰਹੀ ਹੈ। ਇਹ ਉਡਾਣ ਬੜੇ ਲੰਮੇ ਸਮੇਂ ਤੋਂ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀ ਗਈ ਸੀ। ਇਸ ਦੇ ਬੰਦ ਹੋਣ ਦੇ ਖਦਸ਼ੇ ਮਗਰੋਂ ਦੇਸ਼-ਵਿਦੇਸ਼ ਦੀ ਸੰਗਤ 'ਚ ਰੋਸ ਪਾਇਆ ਜਾ ਰਿਹਾ ਹੈ। 

ਨਾਂਦੇੜ ਉਡਾਣ ਬੰਦ ਹੋਣ ਕਾਰਨ ਸਿੱਖ ਸੰਗਤ ਨੂੰ ਹੋਵੇਗੀ ਪ੍ਰੇਸ਼ਾਨੀ: ਗੁਮਟਾਲਾ
ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਫਿਲਹਾਲ ਹਫਤੇ 'ਚ ਮੰਗਲਵਾਰ,ਵੀਰਵਾਰ ਅਤੇ ਸ਼ਨੀਵਾਰ ਨੂੰ ਨਾਂਦੇੜ ਉਡਾਣ ਦਾ ਸੰਚਾਲਨ ਕਰ ਰਹੀ ਹੈ। ਇਸ ਉਡਾਣ ਨਾਲ ਅੰਮ੍ਰਿਤਸਰ-ਨਾਂਦੇੜ ਵਿਚਾਲੇ ਯਾਤਰਾ ਲਈ ਸਿਰਫ ਢਾਈ ਘੰਟੇ ਲੱਗਦੇ ਹਨ। ਨਾਂਦੇੜ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਸਥਾਨ ਹੈ। ਇਸ ਉਡਾਣ ਦੇ ਮੁਅੱਤਲ ਹੋਣ ਨਾਲ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਹੋਵੇਗੀ। 

 


Bharat Thapa

Content Editor

Related News