ਬਿਨਾਂ ਕਾਰਨ ਹਵਾਈ ਫਾਇਰ ਕਰਨ ਵਾਲੇ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ
Thursday, Jul 26, 2018 - 12:20 AM (IST)

ਬਹਿਰਾਮਪੁਰ/ਗੁਰਦਾਸਪੁਰ, (ਗੋਰਾਇਆ, ਵਿਨੋਦ)- ਬਿਨਾਂ ਕਾਰਨ ਹਵਾਈ ਫਾਇਰ ਕਰਨ ਦੇ ਦੋਸ਼ ’ਚ ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਹਿਰਾਮਪੁਰ ਪੁਲਸ ਸਟੇਸ਼ਨ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਕੁਝ ਲੋਕ ਪਿੰਡ ਕੈਰੋਂ ’ਚ ਵਿਆਹ ਸਮਾਗਮ ’ਚ ਸ਼ਾਮਲ ਹੋ ਕੇ ਦੋ ਕਾਰਾਂ ’ਚ ਵਾਪਸ ਆਪਣੇ ਪਿੰਡ ਜਾ ਰਹੇ ਸਨ ਕਿ ਰਸਤੇ ਵਿਚ ਪਿੰਡ ਦਬੁਰਜੀ ਕੋਲ ਇਨ੍ਹਾਂ ਲੋਕਾਂ ਨੇ ਆਪਣੀਆਂ ਕਾਰਾਂ ਰੋਕ ਕੇ 315 ਬੋਰ ਰਾਈਫਲ ਨਾਲ ਹਵਾ ’ਚ 5 ਫਾਇਰ ਕੀਤੇ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਿਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੁਰਬਿੰਦਰ ਸਿੰਘ ਵਾਸੀ ਪੀਰਾਂਬਾਗ, ਅਰਸ਼ਦੀਪ ਸਿੰਘ ਵਾਸੀ ਕਲੇਰਕਲਾਂ, ਗੁਰਮਨਦੀਪ ਸਿੰਘ ਤੇ ਆਲਮਜੀਤ ਸਿੰਘ ਦੋਵੇਂ ਵਾਸੀ ਮੁਸਤਫਾਬਾਦ, ਗੁਰਬਾਜ ਸਿੰਘ ਵਾਸੀ ਕੈਰੋਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਵੱਲੋਂ ਵਰਤੀਆਂ ਗਈਆਂ ਦੋਵੇਂ ਕਾਰਾਂ ਵੀ ਕਬਜ਼ੇ ਵਿਚ ਲੈ ਲਈਆਂ ਹਨ। ਉਨ੍ਹਾਂ ਦੱਸਿਆ ਕਿ ਜਿਸ 315 ਬੋਰ ਰਾਈਫਲ ਨਾਲ ਫਾਇਰ ਕੀਤੇ ਗਏ ਹਨ, ਉਹ ਗੁਰਬਿੰਦਰ ਸਿੰਘ ਦੇ ਜੀਜਾ ਦੀ ਹੈ ਅਤੇ ਇਸ ਮਾਮਲੇ ’ਚ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਰਾਈਫਲ ਇਨ੍ਹਾਂ ਲੋਕਾਂ ਦੇ ਕੋਲ ਕਿਵੇਂ ਪਹੁੰਚੀ।