ਹਾਥਰਸ ਘਟਨਾ ਨੂੰ ਲੈ ਕੇ ਨਿਮਿਸ਼ਾ ਅਤੇ ਸਾਥੀਆਂ ਵਲੋਂ ਰੋਸ ਪ੍ਰਦਰਸ਼ਨ
Saturday, Oct 10, 2020 - 03:53 PM (IST)
ਗੜ੍ਹਸ਼ੰਕਰ : ਉਤਰ ਪ੍ਰਦੇਸ਼ ਵਿਚ ਦਲਿਤ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਕੀਤੇ ਜਾਣ ਮਗਰੋਂ ਉਸ ਦੇ ਜ਼ਬਰਨ ਕੀਤੇ ਸਸਕਾਰ ਦੀ ਘਨੌਣੀ ਘਟਨਾ 'ਚ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਜ਼ਾਲਮਾਨਾ ਦੱਸਦਿਆਂ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਅਤੇ ਉਸ ਦੇ ਸਾਥੀਆਂ ਨੇ ਦਲਿਤ ਬੱਚੀ ਲਈ ਇਨਸਾਫ ਦੀ ਮੰਗ ਕਰਦਿਆਂ ਮਾਹਲਪੁਰ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੋਕਾਂ ਨੇ ਮੋਦੀ ਸਰਕਾਰ ਅਤੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਨਿਮਿਸ਼ਾ ਮਹਿਤਾ ਨੇ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਦਲਿਤ ਬੱਚੀ ਨਾਲ ਹੋਈ ਬੇਇਨਸਾਫ਼ੀ ਸਾਰਾ ਮੁਲਕ ਦੇਖ ਰਿਹਾ ਹੈ ਅਤੇ ਭਾਜਪਾ ਲਈ ਸ਼ਰਮ ਵਾਲੀ ਗੱਲ ਇਹ ਹੈ ਕਿ ਯੋਗੀ ਸਰਕਾਰ ਉਸ ਬੱਚੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਉਸ 'ਤੇ ਹੀ ਘਿਨੌਣੇ ਇਲਜ਼ਾਮ ਲਗਾ ਰਹੀ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਇਸ ਮਸਲੇ 'ਤੇ ਅਕਾਲੀ ਦਲ ਦੀ ਨੰਨ੍ਹੀ ਛਾਂ ਮਿਸ਼ਨ ਦੀ ਸਰਪ੍ਰਸਤ ਬੀਬੀ ਹਰਸਿਮਰਤ ਕੌਰ ਬਾਦਲ ਕੋਲੋਂ ਅਜੇ ਤਕ ਹਾਂ ਦਾ ਨਾਅਰਾਂ ਤਕ ਨਹੀਂ ਮਾਰਿਆ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਅਜੇ ਵੀ ਅੰਦਰਖਾਤੇ ਭਾਜਪਾ ਦੇ ਨਾਲ ਹੈ ਅਤੇ ਭਾਜਪਾ ਦੀ ਬੀ-ਟੀਮ ਵਾਂਗ ਕੰਮ ਕਰ ਰਿਹਾ ਹੈ। ਦੂਜੀ ਗੱਲ ਇਹ ਕਿ ਅਕਾਲੀ ਦਲ ਨਾ ਤਾਂ ਔਰਤਾਂ ਲਈ ਸੰਵੇਦਨਸ਼ੀਲਤਾ ਰੱਖਦਾ ਹੈ ਅਤੇ ਨਾ ਹੀ ਦਲਿਤਾਂ ਲਈ। ਇਸੇ ਕਾਰਣ ਇਕ ਦਲਿਤ ਬੱਚੀ ਨਾਲ ਹੋਈ ਇਸ ਦਰਿੰਦਗੀ 'ਤੇ ਸਮੁੱਚੇ ਅਕਾਲੀ ਦਲ ਨੂੰ ਨਾ ਤਾਂ ਦਰਦ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਨੇ ਦੁੱਖ ਦਾ ਪ੍ਰਗਟਾਵਾ ਕਰਨਾ ਜ਼ਰੂਰੀ ਸਮਝਿਆ ਹੈ। ਨਿਮਿਸ਼ਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਸੱਤਾ ਵਿਚ ਹੁੰਦਿਆਂ ਆਪ ਬੇਟੀਆਂ ਨਾਲ ਧੱਕੇਸ਼ਾਹੀ ਕਰਾਉਂਦਾ ਰਿਹਾ ਹੈ, ਫਿਰ ਉਹ ਬਾਦਲਾਂ ਦੀ ਆਪਣੀ ਟ੍ਰਾਂਸਪੋਰਟ ਵਾਲਾ ਮੋਗਾ ਓਰਬਿਟ ਬੱਸ ਕਾਂਡ ਹੋਵੇ ਜਾਂ ਅੰਮ੍ਰਿਤਸਰ ਵਿਚ ਏ. ਐੱਸ. ਆਈ. ਕਤਲ ਕਾਂਡ, ਜਿਸ ਵਿਚ ਇਕ ਬਾਪ ਆਪਣੀ ਧੀ ਨੂੰ ਬਚਾਉਣ ਗਿਆ ਪਰ ਅਕਾਲੀ ਅਹੁਦੇਦਾਰਾਂ ਵਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਬਿਕਰਮ ਮਜੀਠੀਆ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।
ਇੰਨਾ ਹੀ ਨਹੀਂ ਅਕਾਲੀਆਂ ਦੇ ਆਪਣੇ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਇਕ ਮਹਿਲਾ ਅਧਿਆਪਕ ਦੀ ਗੁੱਤ ਪੁੱਟਣ ਦਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ ਅਤੇ ਤਰਨਤਾਰਨ ਦੇ ਉਸਮਾ ਪਿੰਡ ਦੀ ਕੁੜੀ ਹਰਬਰਿੰਦਰ ਕੌਰ ਨੂੰ ਸ਼ਰੇਆਮ ਜਾਤੀ ਸੂਚਕ ਕਹਿ ਕੇ ਅਤੇ ਵਾਲਾਂ ਤੋਂ ਫੜ ਕੇ ਘੜੀਸਦੇ ਹੋਏ ਕੁੱਟਮਾਰ ਕੀਤੀ ਗਈ ਸੀ ਪਰ ਉਸ ਦੀ ਸੁਣਵਾਈ ਅਕਾਲੀ ਸਰਕਾਰ ਦੌਰਾਨ ਨਹੀਂ ਹੋਈ ਸੀ ਅਤੇ ਅਖੀਰ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਪਿਆ ਸੀ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮਸਲੇ ਵਿਚ ਇਨਸਾਫ ਲੈ ਕੇ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਬੈਂਸ, ਜਤਿੰਦਰ ਸੋਨੂੰ, ਰੀਟਾ ਰਾਣੀ, ਵਿਜੇ ਕੁਮਾਰ, ਦਲਵਿੰਦਰ ਸਿੰਘ, ਕੈਪਟਨ ਸੁਰਿੰਦਰ, ਸੱਤਿਆ, ਤਰਸੇਮ ਲਾਲ, ਰਣਬੀਰ ਪਾਲਦੀ, ਫੌਜੀ ਹਰਭਜਨ, ਤੀਰਥ ਕੌਰ ਸਰਪੰਚ, ਬਲਾਕ ਸੰਪਤੀ ਮੈਂਬਰ ਪਾਲੀ ਗੋਂਦਪੁਰ, ਟੀਨੂੰ, ਬਲਬੀਰ ਵਿੰਜੋ, ਸੰਘਾ ਲੰਘੇਰੀ, ਸਰਪੰਚ ਪੈਂਸਰਾ, ਸਰਪੰਚ ਨਰਿਆਲਾ, ਮਨੀਸ਼ ਸਰਪੰਚ ਦਾਦੂਵਾਲ, ਮਾਸਟਰ ਜੀ ਮੋਰਾਂਵਾਲੀ ਪ੍ਰਧਾਨ ਬਲਾਕ ਕਾਂਗਰਸ ਗੜ੍ਹਸ਼ੰਕਰ ਅਤੇ ਅਨੇਕਾਂ ਹੋਰ ਸ਼ਾਮਲ ਸਨ।