ਅਦਿੱਤਯ ਇੰਸਾ ਤੇ ਪਵਨ ਇੰਸਾ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਪੁਲਸ ਕਰ ਰਹੀ ਹੈ ਇਹ ਤਿਆਰੀ

10/31/2017 4:21:19 PM

ਪੰਚਕੂਲਾ - ਹਰਿਆਣਾ ਪੁਲਸ ਨੇ ਪੰਚਕੂਲਾ ਹਿੰਸਾ 'ਚ ਸ਼ਾਮਲ ਜ਼ਿਆਦਾਤਰ ਦੋਸ਼ੀਆਂ ਨੂੰ ਫੜ ਕੇ ਜੇਲ 'ਚ ਬੰਦ ਕਰ ਦਿੱਤਾ ਹੈ। ਹਿੰਸਾ ਦੀ ਮੁੱਖ ਦੋਸ਼ੀ ਹਨੀਪ੍ਰੀਤ ਵੀ ਪੁਲਸ ਦੀ ਹਿਰਾਸਤ 'ਚ ਆ ਗਈ ਹੈ। ਹੁਣ ਪੁਲਸ ਅਦਿੱਤਯ ਇੰਸਾ ਅਤੇ ਪਵਨ ਇੰਸਾ ਨੂੰ ਫੜਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਇੰਨਾ ਦੋਵਾਂ ਨੂੰ ਭਗੌੜਾ ਘੋਸ਼ਿਤ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਪੁਲਸ ਦੋਵਾਂ ਦੋਸ਼ੀਆਂ ਦਾ ਪਤਾ ਦੱਸਣ ਵਾਲੇ ਲਈ ਇਨਾਮ ਦੀ ਘੋਸ਼ਣਾ ਕਰ ਸਕਦੀ ਹੈ। 25 ਅਗਸਤ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ 'ਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ 'ਚ ਡੇਰਾ ਸਮਰਥਕਾਂ ਨੇ ਭੰਨਤੋੜ ਅਤੇ ਅੱਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਨੇ ਕੁੱਲ 172 ਮਾਮਲੇ ਦਰਜ ਕੀਤੇ ਸਨ। ਇਨ੍ਹਾਂ 'ਚ ਅਦਿੱਤਯ ਇੰਸਾ ਅਤੇ ਪਵਨ ਇੰਸਾ ਅਜੇ ਤੱਕ ਫਰਾਰ ਹਨ। ਪੁਲਸ ਇੰਨਾ ਨੂੰ ਫੜਣ ਲਈ ਵਾਰ-ਵਾਰ ਰੇਡ ਕਰ ਰਹੀ ਹੈ ਪਰ ਇਹ ਦੋਵੇਂ ਅਜੇ ਤੱਕ ਪੁਲਸ ਦੇ ਹੱਥ ਨਹੀਂ ਲੱਗੇ।
ਅਦਿੱਤਯ ਅਤੇ ਪਵਨ ਇੰਸਾ ਨੂੰ ਭਗੌੜਾ ਘੋਸ਼ਿਤ ਕਰਨ ਦੀ ਤਿਆਰੀ
ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਨੇ ਆਪਣੀਆਂ ਕਈ ਟੀਮਾਂ ਨੂੰ ਅਦਿੱਤਯ ਇੰਸਾ ਅਤੇ ਪਵਨ ਇੰਸਾ ਨੂੰ ਫੜਣ ਲਈ ਲਗਾਇਆ ਹੋਇਆ ਹੈ। ਐੱਸ.ਆਈ.ਟੀ. ਉਨ੍ਹਾਂ ਲੋਕਾਂ ਦੀ ਵੀ ਭਾਲ ਕਰ ਰਹੀ ਹੈ ਜਿਨ੍ਹਾਂ ਦੇ ਸੰਪਰਕ 'ਚ ਇਹ ਲੋਕ ਰਹਿ ਰਹੇ ਹਨ। ਤਾਂ ਜੋ ਇਨ੍ਹਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਿਲ ਹੋ ਸਕੇ। ਇਸ ਤੋਂ ਬਾਅਦ ਹੁਣ ਇਨ੍ਹਾਂ ਨੂੰ ਕੋਰਟ ਵਲੋਂ ਅਗਲੇ ਕੁਝ ਦਿਨਾਂ 'ਚ ਭਗੌੜਾ ਘੋਸ਼ਿਤ ਕੀਤਾ ਜਾ ਸਕਦਾ ਹੈ।
ਇਨਾਮ ਦੀ ਤਿਆਰੀ
ਸੂਤਰਾਂ ਦੇ ਅਨੁਸਾਰ ਹਰਿਆਣਾ ਪੁਲਸ, ਅਦਿੱਤਯ ਅਤੇ ਪਵਨ ਇੰਸਾ 'ਤੇ ਇਨਾਮ ਰੱਖ ਸਕਦੀ ਹੈ। ਇਸ 'ਚ ਇਨ੍ਹਾਂ ਦੋਵਾਂ ਦੀ ਪਛਾਣ, ਠਿਕਾਣਾ ਦੱਸਣ ਜਾਂ ਫੜਾਉਣ 'ਚ ਸਹਾਇਤਾ ਕਰਨ ਵਾਲੇ ਨੂੰ ਇਨਾਮ ਦਿੱਤਾ ਜਾ ਸਕਦਾ ਹੈ। ਇਸ ਦੇ ਬਾਰੇ 'ਚ ਡੀ.ਜੀ.ਪੀ. ਦਫ਼ਤਰ 'ਚ ਮੀਟਿੰਗ ਦਾ ਦੌਰ ਚਲ ਰਿਹਾ ਹੈ। ਇਸ ਲਈ ਜੇਕਰ ਇਹ ਦੋਵੇਂ ਦੋਸ਼ੀ ਜਲਦੀ ਨਹੀਂ ਫੜੇ ਜਾਂਦੇ ਤਾਂ ਪੁਲਸ ਇੰਨਾ 'ਤੇ ਇਨਾਮ ਰੱਖ ਸਕਦੀ ਹੈ।