''ਫੂਲਕਾ'' ਦੀ ਧਮਕੀ ਹਲਕਾ ਦਾਖਾ ਨੂੰ ਬਣਾਏਗੀ ''ਜੰਗ ਦਾ ਮੈਦਾਨ''!

09/04/2018 12:34:41 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਹਲਕਾ ਦਾਖਾ ਤੋਂ 'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ 15 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਕਥਿਤ ਦੋਸ਼ੀ ਬਾਦਲ, ਸੈਣੀ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ 16 ਸਤੰਬਰ ਨੂੰ ਅਸਤੀਫਾ ਦੇ ਦੇਣਗੇ, ਜਿਸ ਨੂੰ ਲੈ ਕੇ ਸਿਆਸੀ ਤੇ ਧਾਰਮਿਕ ਖੇਤਰ 'ਚ ਇਕ ਨਵੀਂ ਚਰਚਾ ਨੇ ਜਨਮ ਲੈ ਲਿਆ ਹੈ ਪਰ ਜੇਕਰ ਸ. ਫੂਲਕਾ ਨੇ ਸੱਚ-ਮੁੱਚ ਅਸਤੀਫਾ ਦੇ ਦਿੱਤਾ ਤਾਂ ਵਿਧਾਨ ਸਭਾ ਹਲਕਾ ਦਾਖਾ 'ਚ ਜ਼ਿਮਨੀ ਚੋਣ ਦਾ ਬਿਗੁਲ ਵੱਜ ਜਾਵੇਗਾ।

ਸੂਤਰਾਂ ਨੇ ਦੱਸਿਆ ਹੈ ਕਿ ਜੇਕਰ ਰਾਜਸਥਾਨ ਤੇ ਛੱਤੀਸਗੜ੍ਹ, ਮੱਧ ਪ੍ਰਦੇਸ਼ ਦੀਆਂ ਚੋਣਾਂ ਨਵੰਬਰ 'ਚ ਹੋਈਆਂ ਤਾਂ ਹਲਕਾ ਦਾਖਾ ਦੀ ਚੋਣ ਵੀ ਇਨ੍ਹਾਂ ਰਾਜਾਂ ਨਾਲ ਹੋ ਸਕਦੀ ਹੈ। ਜੇ ਚੋਣ ਕਮਿਸ਼ਨ ਨੇ 2019 'ਚ ਲੋਕ ਸਭਾ ਚੋਣਾਂ ਤੇ ਰਾਜਾਂ ਦੀਆਂ ਚੋਣਾਂ ਨਾਲ ਕਰਵਾਉਣ ਦੀ ਗੱਲ ਕੀਤੀ ਤਾਂ ਫਿਰ ਫੂਲਕਾ ਵਲੋਂ ਅਸਤੀਫਾ ਦੇਣ ਵਾਲੀ ਹਲਕਾ ਦਾਖਾ ਸੀਟ 'ਤੇ ਚੋਣ 2019 'ਚ ਲੋਕ ਸਭਾ ਚੋਣਾਂ ਨਾਲ ਹੋਵੇਗੀ। ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਜੇ ਹਰਵਿੰਦਰ ਫੂਲਕਾ ਅਸਤੀਫਾ ਦਿੰਦੇ ਹਨ ਤਾਂ ਇਸ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ।

ਜੇਕਰ ਸੱਚ-ਮੁੱਚ ਜ਼ਿਮਨੀ ਚੋਣ ਦੇ ਆਸਾਰ ਬਣ ਗਏ ਤਾਂ ਇਹ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਸਰਕਾਰ ਨਾਲ ਸਿਆਸੀ ਜੱਫਾ ਪਵੇਗਾ। ਸੂਤਰਾਂ ਨੇ ਦੱਸਿਆ ਕਿ 2017 'ਚ ਚੋਣ ਹਾਰ ਚੁੱਕੇ ਮੇਜਰ ਸਿੰਘ ਭੈਣੀ ਮੈਦਾਨ 'ਚ ਆ ਸਕਦੇ ਹਨ ਕਿਉਂਕਿ ਸ਼ਾਹਕੋਟ ਦੀ ਚੋਣ 'ਚ ਉਨ੍ਹਾਂ ਨੇ ਹਾਰੇ ਹੋਏ ਉਮੀਦਵਾਰ ਲਾਡੀ ਨੂੰ ਮੈਦਾਨ ਵਿਚ ਉਤਾਰ ਕੇ ਜੇਤੂ ਬਣਾਇਆ ਸੀ ਜਦੋਂਕਿ ਇਹ ਵੀ ਚਰਚਾ ਹੋ ਰਹੀ ਹੈ ਕਿ ਕਿਧਰੇ ਬਰਨਾਲੇ ਵਾਲੇ ਢਿੱਲੋਂ ਦਾ ਦਾਅ ਨਾ ਲੱਗ ਜਾਵੇ। ਜੇਕਰ ਸ. ਫੂਲਕਾ ਦਾ ਅਸਤੀਫਾ ਆ ਗਿਆ ਤਾਂ ਹਲਕਾ ਦਾਖਾ ਜੰਗ ਦਾ ਮੈਦਾਨ ਜ਼ਰੂਰ ਬਣ ਸਕਦਾ ਹੈ।


Related News