ਮਮਤਾ ਬੈਨਰਜੀ ਤੇ ਅਭਿਸ਼ੇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Friday, May 17, 2024 - 08:12 PM (IST)

ਮਮਤਾ ਬੈਨਰਜੀ ਤੇ ਅਭਿਸ਼ੇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ’ਚ ਹਾਵੜਾ ਜ਼ਿਲੇ ਦੇ ਉਲੂਬੇਰੀਆ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਇਕ ਪੋਸਟਰ ਸ਼ੁੱਕਰਵਾਰ ਮਿਲਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਚਿੱਟੇ ਕੱਪੜੇ ’ਤੇ ਹਰੇ ਰੰਗ ਦੀ ਸਿਆਹੀ ’ਚ ਹੱਥ ਨਾਲ ਲਿਖਿਆ ਇਹ ਪੋਸਟਰ ਉਲੂਬੇਰੀਆ ਦੇ ਫੁਲੇਸ਼ਵਰ ਇਲਾਕੇ ’ਚ ਇਕ ਉਸਾਰੀ ਵਾਲੀ ਥਾਂ ਤੋਂ ਬਰਾਮਦ ਕੀਤਾ ਗਿਆ। ਇਸ ਖੇਤਰ ’ਚ 20 ਮਈ ਨੂੰ ਵੋਟਾਂ ਪੈਣੀਆਂ ਹਨ।

ਪੋਸਟਰ ’ਚ ਬੰਗਾਲੀ ਵਿੱਚ ਲਿਖਿਆ ਹੈ, ‘ਮੈਂ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਅਭਿਸ਼ੇਕ ਨੂੰ ਕਾਰ ਨਾਲ ਟੱਕਰ ਮਾਰ ਕੇ ਮਾਰ ਦਿਆਂਗਾ। ਇਸ ਤੋਂ ਬਾਅਦ ਹਰ ਕੋਈ ਦੀਵੇ ਜਗਾਏਗਾ। ’ ਇਹ ਪੋਸਟਰ ਇੱਟਾਂ ਦੇ ਢੇਰ ’ਤੇ ਪਿਆ ਵੇਖਿਆ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Rakesh

Content Editor

Related News