ਫੂਲਕਾ ਦੀ ਆਮ ਆਦਮੀ ਪਾਰਟੀ ਨੂੰ ਚਿਤਾਵਨੀ

Sunday, Jun 10, 2018 - 06:11 PM (IST)

ਲੁਧਿਆਣਾ (ਮੁੱਲਾਂਪੁਰੀ) : ਕਾਂਗਰਸ ਨਾਲ ਗਠਜੋੜ ਦੀਆਂ ਚਰਚਾਵਾਂ 'ਤੇ ਹਲਕਾ ਦਾਖਾ ਤੋਂ ਪ੍ਰਤੀਨਿਧਤਾ ਕਰ ਰਹੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਅਸਤੀਫਾ ਦੇਣ ਦੀ ਗੱਲ ਆਖੀ ਹੈ। 'ਜਗ ਬਾਣੀ' ਵਲੋਂ ਜਦੋਂ ਉਨ੍ਹਾਂ ਪੁੱਛਿਆ ਗਿਆ ਕਿ ਪੰਜਾਬ ਦੇ 'ਆਪ' ਵਿਧਾਇਕ ਅਤੇ ਨੇਤਾ ਕਾਂਗਰਸ ਨਾਲ ਗੱਠਜੋੜ ਕਰਨ ਦੀ ਜੋ ਵਕਾਲਤ ਕਰ ਰਹੇ ਹਨ ਕੀ ਉਹ ਠੀਕ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਿਧਾਇਕ ਕਾਂਗਰਸ ਨੂੰ ਹੱਥ ਮਿਲਾਉਣ ਤੇ ਗੱਠਜੋੜ ਕਰਨ ਦੀ ਪਾਰਟੀ ਨੂੰ ਸਲਾਹ ਦੇ ਕੇ ਸਮਝੌਤਾ ਕਰਨਗੇ ਤਾਂ ਉਨ੍ਹਾਂ ਦਾ ਵਿਧਾਨ ਸਭਾ ਤੋਂ ਅਸਤੀਫਾ ਵੱਟ 'ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਕਿਸੇ ਵੀ ਕੀਮਤ 'ਤੇ ਗੱਠਜੋੜ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਿਛਲੇ 34 ਸਾਲਾਂ ਤੋਂ ਦਿੱਲੀ ਦੇ ਸਿੱਖ ਦੰਗਿਆਂ ਵਿਚ ਸ਼ਾਮਲ ਕਥਿਤ ਕਾਂਗਰਸੀ ਨੇਤਾਵਾਂ ਨੂੰ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਵਿਚ ਦਿਨ ਰਾਤ ਇਕ ਕਰ ਰਹੇ ਹਨ। 
ਇਥੇ ਦੱਸਣਾ ਉਚਿਤ ਹੋਵੇਗਾ ਕਿ ਅਜੇ ਕੱਲ ਹੀ ਜਗਰਾਓਂ ਤੋਂ ਵਿਧਾਇਕ ਵੱਲੋਂ ਮੋਦੀ ਸਰਕਾਰ ਖਿਲਾਫ ਕਾਂਗਰਸ ਨਾਲ ਗੱਠਜੋੜ ਕਰਨ ਲਈ ਕਾਂਗਰਸ ਦਾ ਸਾਥ ਦੇਣ ਲਈ ਆਪਣੇ ਰਾਏ ਦਿੱਤੀ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਗਸਤ-ਸਤੰਬਰ ਵਿਚ ਦੇਸ਼ ਵਿਚ ਮੋਦੀ ਵਿਰੁੱਧ ਇਕ ਵੱਡਾ ਗੱਠਜੋੜ ਸਾਹਮਣੇ ਆ ਰਿਹਾ ਹੈ। ਜੇਕਰ ਉਸ ਵਿਚ 'ਆਪ' ਵੀ ਸ਼ਾਮਲ ਹੁੰਦੀ ਹੈ ਤਾਂ ਫੂਲਕਾ ਦਾ ਅਸਤੀਫਾ ਫਿਰ ਜ਼ਰੂਰ ਰੰਗ ਦਿਖਾਵੇਗਾ।


Related News