ਵਿਆਹ ਦੀ ਵਰ੍ਹੇਗੰਢ ''ਤੇ ਹਰਸਿਮਰਤ ਨੇ ਸਾਂਝੀ ਕੀਤੀ ਲਾਵਾਂ ਦੀ ਤਸਵੀਰ, ਸੁਣਾਈ ਦਾਸਤਾਨ

11/21/2017 7:27:49 PM

ਜਲੰਧਰ : ਵਿਆਹ ਦੀ 26ਵੀਂ ਵਰ੍ਹੇਗੰਢ ਮੌਕੇ ਕੇਂਦਰੀ ਮੰਤਰੀ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁਕ ਪੇਜ 'ਤੇ ਲਾਵਾਂ ਮੌਕੇ ਦੀ ਤਸਵੀਰ ਸਾਂਝੀ ਕੀਤੀ ਹੈ। ਹਰਸਿਮਰਤ ਨੇ ਫੇਸਬੁਕ 'ਤੇ ਆਪਣੀ ਜ਼ਿੰਦਗੀ ਦੇ ਇਸ ਯਾਦਗਾਰ ਅਤੇ ਖੂਬਸੂਰਤ ਪਲ ਨੂੰ ਪੋਸਟ ਕਰਦੇ ਹੋਏ ਆਪਣੀਆਂ ਜ਼ਿੰਦਗੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਹਰਸਿਮਰਤ ਨੇ ਆਪਣੀ ਵਰ੍ਹੇਗੰਢ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਲਿਖਿਆ ਹੈ ਕਿ 'ਗੁਰਪੁਰਬ ਦੇ ਪਵਿੱਤਰ ਦਿਹਾੜੇ ਉਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਬੈਠੇ ਸਾਨੂੰ ਇਕ ਰੂਹਾਨੀ ਰਿਸ਼ਤੇ 'ਚ ਬੰਨਣ ਵਾਲੀਆਂ ਚਾਰ ਲਾਵਾਂ ਨੂੰ ਸੁਣ ਰਹੇ ਸੀ ਤਾਂ ਸਾਨੂੰ ਨਹੀਂ ਸੀ ਪਤਾ ਕਿ ਜ਼ਿੰਦਗੀ ਅੱਗੇ ਕਿਹੋ ਜਿਹੀ ਹੋਵੇਗੀ। ਅਸੀਂ ਇਕ ਦੂਜੇ ਦਾ ਸਾਥ ਦੇਣ ਦਾ ਅਤੇ ਗੁਰੂ ਵਲੋਂ ਦਰਸਾਏ ਮਾਰਗ ਉਤੇ ਇਕੱਠਿਆਂ ਚੱਲਣ ਦਾ ਵਾਅਦਾ ਕੀਤਾ ਸੀ।'
ਹਰਸਿਮਰਤ ਨੇ ਅੱਗੇ ਲਿਖਿਆ ਕਿ '26 ਸਾਲਾਂ ਮਗਰੋਂ ਤਿੰਨ ਬੇਹੱਦ ਪਿਆਰੇ ਬੱਚਿਆਂ ਸਮੇਤ ਸੁਖਬੀਰ ਅਤੇ ਮੇਰੇ ਕੋਲ ਸ਼ੁਕਰਾਨਾ ਕਰਨ ਲਈ ਬਹੁਤ ਸਾਰੀਆਂ ਖੂਬਸੂਰਤ ਯਾਦਾਂ ਅਤੇ ਹੋਰ ਬਹੁਤ ਕੁੱਝ ਹੈ। ਅਸੀਂ ਇਕੱਠਿਆਂ ਜ਼ਿੰਦਗੀ ਦੇ ਉਤਰਾਅ ਚੜਾਅ ਵੇਖੇ ਹਨ, ਚੰਗੇ ਅਤੇ ਮਾੜੇ ਸਮਿਆਂ ਦਾ ਸਾਹਮਣਾ ਕੀਤਾ ਹੈ, ਬਹਿਸੇ ਹਾਂ, ਹੱਸੇ ਹਾਂ, ਇਕ ਦੂਜੇ ਦੀ ਮਦਦ ਕੀਤੀ ਹੈ, ਹੌਂਸਲਾ ਵਧਾਇਆ ਹੈ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਹਮੇਸ਼ਾ ਇਕ ਦੂਜੇ ਦੇ ਨਾਲ ਖੜ੍ਹੇ ਰਹੇ ਹਾਂ। ਅੱਜ ਕਲਗੀਧਰ ਪਾਤਸ਼ਾਹ ਦੇ ਗੁਰਗੱਦੀ ਦਿਵਸ ਮੌਕੇ ਉਤੇ ਅਸੀਂ ਉਨ੍ਹਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਹਮੇਸ਼ਾ ਆਪਣੇ ਚਰਨਾ ਨਾਲ ਜੋੜ ਕੇ ਰੱਖਣ।'


Related News