ਅਕਾਲੀ ਦਲ ਦੀ ਹਾਰ ''ਤੇ ਪਹਿਲੀ ਵਾਰ ਬੋਲੀ ਹਰਸਿਮਰਤ ਕੌਰ ਬਾਦਲ, ਰੱਜ ਕੇ ਕੱਢੀ ਭੜਾਸ

03/14/2017 7:37:35 PM

ਬੁਢਲਾਡਾ (ਮਨਜੀਤ) : ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਗਠਜੋੜ ਵੱਲੋਂ ਦਸ ਸਾਲਾਂ ਦੇ ਕੀਤੇ ਹੋਏ ਵਿਕਾਸ ਕੰਮਾਂ ਨੂੰ ਅੱਖੋਂ ਪਰੋਖੇ ਕਰਕੇ ਲੈਪਟੌਪ ਅਤੇ ਮੋਬਾਇਲ ਦੇ ਲਾਲਚ ਵਿਚ ਆ ਕੇ ਕਾਂਗਰਸ ਨੂੰ ਵੋਟਾਂ ਪਾਈਆਂ ਹਨ ਪਰ ਅਸੀਂ ਲੋਕਾਂ ਦੇ ਫਤਵੇ ਨੂੰ ਖਿੜ੍ਹੇ ਮੱਥੇ ਕਬੂਲ ਕਰਦੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਕੁਲਾਣਾ ਵਿਖੇ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵੰਡੀਆਂ ਵਿਚ ਪਾਉਣ ਲਈ ਉਤਾਵਲੀ ਹੋਈ ''ਆਪ'' ਪਾਰਟੀ ਨੂੰ ਕਰਾਰੀ ਹਾਰ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਬਾਹਰਲੇ ਲੀਡਰਾਂ ਨੂੰ ਪਸੰਦ ਨਹੀਂ ਕਰਨਗੇ। ਉਨ੍ਹਾਂ ਐੱਚ.ਐੱਸ. ਫੂਲਕਾ ਤੇ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਕੇਜਰੀਵਾਲ ਵੱਲੋਂ ਪੰਜਾਬ ਨੂੰ ਵੰਡਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸਾਂ ਤੋਂ ਬਚਣ।
ਕੇਂਦਰੀ ਮੰਤਰੀ ਬੀਬੀ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਮੁਕਾਬਲੇ 60 ਸਾਲਾਂ ਵਿਚ ਵੀ ਇਨ੍ਹਾਂ ਪੰਜਾਬ ਦਾ ਵਿਕਾਸ ਨਹੀਂ ਹੋਵੇਗਾ ਅਤੇ ਕਾਂਗਰਸ ਤੇ ''ਆਪ'' ਤੋਂ ਇਲਾਵਾ ਹੋਰ ਵਿਰੋਧੀ ਪਾਰਟੀਆਂ ਨੇ ਰਲ ਕੇ ਅਕਾਲੀ ਦਲ ਖਿਲਾਫ ਕੀਤੇ ਕੂੜ ਪ੍ਰਚਾਰ ਨੂੰ ਪੰਜਾਬ ਦੇ ਸਮੁੱਚੇ ਲੋਕਾਂ ਨੇ ਰੱਦ ਕਰਦਿਆਂ 31 ਫੀਸਦੀ ਵੋਟ ਅਕਾਲੀ-ਭਾਜਪਾ ਗਠਜੋੜ ਨੂੰ ਦਿੱਤੀ, ਜਦਕਿ ਆਮ ਆਦਮੀ ਪਾਰਟੀ 23 ਫੀਸਦੀ ''ਤੇ ਹੀ ਸੂੰਗੜ ਕੇ ਰਹਿ ਗਈ ਅਤੇ ਕਾਂਗਰਸ ਨੇ 38 ਫੀਸਦੀ ਵੋਟ ਲੈ ਕੇ ਹੀ ਸਰਕਾਰ ਬਣਾਈ ਹੈ। ਉਨ੍ਹਾਂ ਅਖੀਰ ਵਿਚ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਜਿਸ ਦਾ ਭਰਪੂਰ ਸਮਰਥਨ ਅਕਾਲੀ ਦਲ ਕਰੇਗਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਬੀਬੀ ਬਾਦਲ ਨੇ ਕਿਹਾ ਕਿ ਸੰਗਤ ਦਰਸ਼ਨ ਕਰਨ ਦੀ ਬਜਾਏ ਹੁਣ ਅਸੀਂ ਵਰਕਰਾਂ ਤੇ ਜਥੇਦਾਰਾਂ ਦੇ ਦਰਸ਼ਨ ਕਰਿਆ ਕਰਾਂਗੇ। ਇਸ ਮੌਕੇ ਪੀ.ਏ. ਅਨਮੋਲਪ੍ਰੀਤ ਸਿੰਘ, ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਡਾ. ਨਿਸ਼ਾਨ ਸਿੰਘ ਹਾਕਮਵਾਲਾ, ਸੀਨੀਅਰੀ ਅਕਾਲੀ ਆਗੂ ਸ਼ਾਮ ਲਾਲ ਧਲੇਵਾਂ, ਰਘੁਵੀਰ ਸਿੰਘ ਮਾਨਸਾ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਜਗਸੀਰ ਸਿੰਘ ਅੱਕਾਂਵਾਲੀ, ਜਥੇਦਾਰ ਅਮਰਜੀਤ ਸਿੰਘ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ ਆਦਿ ਹਾਜ਼ਰ ਸਨ।


Gurminder Singh

Content Editor

Related News