ਅਸਤੀਫਾ ਦੇਣ ਤੋਂ ਬਾਅਦ ਜਾਣੋ ਕੀ ਬੋਲੇ ਹਰਸਿਮਰਤ ਤੇ ਸੁਖਬੀਰ ਬਾਦਲ

Friday, Sep 18, 2020 - 02:33 AM (IST)

ਨਵੀਂ ਦਿੱਲੀ/ਜਲੰਧਰ : ਖੇਤੀਬਾੜੀ ਨਾਲ ਸਬੰਧਿਤ ਤਿੰਨ ਆਰਡੀਨੈਂਸਾਂ ਦੇ ਵਿਰੋਧ 'ਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦੇ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਵਿਖੇ ਮੀਡੀਆ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 100 ਸਾਲ ਪੁਰਾਣਾ ਇਤਿਹਾਸ ਹੈ। ਸ਼੍ਰ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਗਾਤਾਰ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਦੀ ਸਰਕਾਰ ਤਿੰਨ ਆਰਡੀਨੈਂਸ ਕੈਬਨਿਟ 'ਚ ਲੈ ਕੇ ਆਈ ਤਾਂ ਉਸ ਸਮੇਂ ਸਾਡੀ ਮੰਤਰੀ ਹਰਸਿਮਰਤ ਕੌਰ ਬਾਦਲ ਉਥੇ ਸੀ, ਜਿਨ੍ਹਾਂ ਵਲੋਂ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਇਹ ਕਿਸਾਨਾਂ ਦੇ ਆਰਡੀਨੈਂਸ ਹਨ ਤਾਂ ਸਰਕਾਰ ਵਲੋਂ ਕਿਸਾਨਾਂ ਤੋਂ ਕਿਉਂ ਨਹੀਂ ਪੁੱਛਿਆ ਗਿਆ ਅਤੇ ਨਾ ਹੀ ਕਿਸਾਨ ਆਰਗਨਾਈਜੇਸ਼ਨ ਨੂੰ ਪੁੱਛਿਆ ਤੇ ਨਾ ਹੀ ਕਿਸਾਨਾਂ ਦੇ ਸੰਬੰਧ 'ਚ ਜਿਹੜੀਆਂ ਪਾਰਟੀਆਂ ਨੇ ਉਨ੍ਹਾਂ ਤੋਂ ਪੁੱਛਿਆ। ਬਾਦਲ ਨੇ ਕਿਹਾ ਕਿ ਸਾਨੂੰ ਪੁੱਛੇ ਬਿਨਾ ਹੀ ਇਨ੍ਹਾਂ ਆਰਡੀਨੈਂਸਾਂ ਨੂੰ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ 2 ਮਹੀਨੇ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਕਿਸਾਨਾਂ ਨੂੰ ਜਦੋਂ ਅਖਬਾਰ 'ਚ ਇਨ੍ਹਾਂ ਆਰਡੀਨੈਂਸਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਬੜੀ ਚਿੰਤਾ ਹੋਈ, ਹੈਰਾਨੀ ਹੋਈ ਅਤੇ ਗੁੱਸਾ ਆਇਆ। ਉਨ੍ਹਾਂ ਕਿਹਾ ਕਿ ਮੈਂ ਇਸ ਸੰਬੰਧੀ ਹਰ ਕਿਸਾਨ ਜਥੇਬੰਦੀ ਨੂੰ ਮਿਲਿਆ, ਆਮ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਮਿਲਿਆ ਅਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀਆਂ ਇਸ ਸਬੰਧੀ ਕੀ ਚਿੰਤਾਵਾ ਹਨ, ਉਨ੍ਹਾਂ ਨੇ ਸਭ ਮੈਨੂੰ ਦੱਸੀਆਂ, ਜੋ ਮੈਂ ਕੇਂਦਰ ਸਰਕਾਰ ਨੂੰ ਦੱਸੀਆਂ।

ਉਥੇ ਹੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਧੀ ਨੇ ਅੱਜ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨ ਦਾ, ਉਨ੍ਹਾਂ ਨਾਲ ਮੋਢੇ ਨਾਲ ਮੋਢੇ ਮਿਲਾਉਣ ਦਾ ਫੈਸਲਾ ਇਸ ਕਰਕੇ ਕੀਤਾ ਕਿਉਂਕਿ ਕੇਂਦਰ ਦੀ ਸਰਕਾਰ ਜਿਹੜੇ ਆਰਡੀਨੈਂਸ ਲੈ ਕੇ ਆਈ, ਕਿਸਾਨਾਂ ਦੇ ਭਲੇ ਵਾਸਤੇ ਲੈ ਕੇ ਆਈ ਪਰ ਜੇਕਰ ਦੇਸ਼ ਦਾ ਕੋਈ ਕਿਸਾਨ ਖਾਸ ਤੌਰ 'ਤੇ ਮੇਰੇ ਆਪਣੇ ਕਿਸਾਨ ਵੀਰ, ਜਿਨ੍ਹਾਂ ਕਰਕੇ ਮੈਂ ਅੱਜ ਇਥੇ ਤਾਈ ਪਹੁੰਚੀ ਹਾਂ। ਜੇ ਉਨ੍ਹਾਂ ਦੇ ਮਨ 'ਚ ਥੋੜਾ ਜਿਹਾ ਵੀ ਇਸ ਸਬੰਧੀ ਸ਼ੱਕ ਹੈ ਤਾਂ ਪਿਛਲੇ ਕੁੱਝ ਹਫਤਿਆਂ ਤੋਂ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਕਿ ਇਸ ਸ਼ੱਕ ਨੂੰ ਦੂਰ ਕੀਤਾ ਜਾਵੇ ਪਰ ਮੈਂ ਉਨ੍ਹਾਂ ਦਾ ਸ਼ੱਕ ਦੂਰ ਨਹੀਂ ਕਰ ਸਕੀ। ਮੈਂ ਸਮਝਦੀ ਸੀ ਕਿ ਕੇਂਦਰ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਵਾਸਤੇ ਇਹ ਬਿੱਲ ਆਏ ਹਨ, ਉਨ੍ਹਾਂ ਦੇ ਸ਼ੱਕ ਦੂਰ ਕਰਕੇ ਫਿਰ ਇਹ ਬਿੱਲ ਲਿਆਂਦੇ ਜਾਣ ਪਰ ਮੈਨੂੰ ਅਫਸੋਸ ਹੈ ਕਿ ਕਿਸਾਨਾਂ ਦੇ ਸ਼ੱਕ ਦੂਰ ਕੀਤੇ ਬਿਨਾਂ ਹੀ ਪਾਰਲੀਮੈਂਟ 'ਚ ਇਹ ਆਰਡੀਨੈਂਸ ਲਿਆਂਦੇ ਗਏ ਤੇ ਬਹੁਮਤ ਦੇ ਕਾਰਣ ਇਨ੍ਹਾਂ ਨੂੰ ਪਾਸ ਕਰਨ ਦਾ ਫੈਸਲਾ ਹੋਇਆ। ਮੇਰੀ ਜ਼ਮੀਰ ਨੇ ਇਸ ਗੱਲ ਨੂੰ ਨਹੀਂ ਮੰਨਿਆ ਕਿ ਮੈਂ ਇਹੋ ਜਿਹੇ ਐਕਟ ਦਾ ਹਿੱਸਾ ਬਣਾ ਜਿਸ 'ਚ ਮੇਰੇ ਲੋਕਾਂ ਨੂੰ ਲੱਗਦਾ ਹੈ ਭਵਿੱਖ 'ਚ ਉਨ੍ਹਾਂ ਦਾ ਨੁਕਸਾਨ ਹੋਵੇਗਾ। ਜਿਸ ਕਰਕੇ ਮੈਂ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਆਪਣੇ ਕਿਸਾਨ ਵੀਰਾਂ, ਮਜ਼ਦੂਰ ਵੀਰਾਂ, ਆੜਤੀਏ ਵੀਰਾਂ ਨਾਲ ਇਸ ਆਰਡੀਨੈਂਸ 'ਚ ਉਨ੍ਹਾਂ ਦੀ ਆਵਾਜ਼ ਬਣ ਕੇ ਇਸ ਆਰਡੀਨੈਂਸ ਦੇ ਖਿਲਾਫ ਵੋਟ ਦੇਵਾ।


Deepak Kumar

Content Editor

Related News