ਮਾਪਿਆਂ ਦੇ ਮਨ੍ਹਾ ਕਰਨ ''ਤੇ ਵੀ ਹਰਸ਼ਿਤਾ ਨੇ ਲਿਆ ਸੂਬਾ ਪੱਧਰੀ ਮੁਕਾਬਲਿਆਂ ''ਚ ਹਿੱਸਾ

01/13/2020 12:07:04 PM

ਪਟਿਆਲਾ (ਪ੍ਰਤਿਭਾ) : ਚਾਰ ਸਾਲਾਂ ਤੋਂ ਲਗਾਤਾਰ ਜ਼ਿਲੇ ਦੀ ਓਵਰਆਲ ਜਿਮਨਾਸਟ ਦਾ ਖਿਤਾਬ ਜਿੱਤ ਰਹੀ ਹਰਸ਼ਿਤਾ ਘਾਰੂ ਨੂੰ ਇਕ ਸਮੇਂ ਵਿਚ ਉਸ ਦੇ ਮਾਪੇ ਸੂਬਾ ਪੱਧਰੀ ਮੁਕਾਬਲੇ ਵਿਚ ਨਹੀਂ ਭੇਜਣਾ ਚਾਹੁੰਦੇ ਸਨ ਕਿਉਂਕਿ ਉਹ ਅੰਡਰ 10 ਵਿਚ ਖੇਡ ਰਹੀ ਸੀ। ਉਨ੍ਹਾਂ ਨੂੰ ਜਾਪਦਾ ਸੀ ਕਿ ਪਹਿਲੀ ਵਾਰ ਵਿਚ ਉਹ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇਗੀ ਪਰ ਬੇਟੀ ਦੀ ਚਾਹਤ ਨੇ ਮਾਪਿਆਂ ਨੂੰ ਮਨਾ ਲਿਆ ਅਤੇ ਹਰਸ਼ਿਤਾ ਨੇ ਉਥੇ ਜਾ ਕੇ ਗੋਲਡ ਮੈਡਲ ਵੀ ਜਿੱਤਿਆ ਅਤੇ ਓਵਰਆਲ ਸੈਕੰਡ ਬੈਸਟ ਜਿਮਨਾਸਟ ਬਣੀ।  ਡੀ. ਏ. ਵੀ. ਪਬਲਿਕ ਸਕੂਲ ਵਿਚ 9ਵੀਂ ਜਮਾਤ ਦੀ ਹਰਸ਼ਿਤਾ ਘਾਰੂ ਜਿਮਨਾਸਟਿਕ ਆਰਟਿਕਸਟਿਕ ਵਿਚ ਹੁਣ ਤੱਕ 100 ਦੇ ਕਰੀਬ ਮੈਡਲ ਜਿੱਤ ਚੁੱਕੀ ਹੈ। ਕੁਝ ਸਮਾਂ ਪਹਿਲਾਂ ਉਸ ਨੂੰ ਤ੍ਰਿਪੁਰਾ ਵਿਚ ਦੇਸ਼ ਦੀ ਬੈਸਟ ਜਿਮਨਾਸਟ ਦੀਪਾ ਕਰਮਾਕਰ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਇਕ ਹੀ ਥਾਂ 'ਤੇ ਪ੍ਰੈਕਟਿਸ ਕਰ ਰਹੀ ਸੀ। ਉਥੇ ਹਰਸ਼ਿਤਾ ਨੇ ਦੀਪਾ ਤੋਂ ਕਾਫੀ ਕੁਝ ਸਿੱਖਿਆ। ਉਸ ਤੋਂ ਬਾਅਦ ਉਸਦੀ ਵੀ ਇੱਛਾ ਹੈ ਕਿ ਉਹ ਵੀ ਦੀਪਾ ਦੀ ਤਰ੍ਹਾਂ ਦੇਸ਼ ਲਈ ਮੈਡਲ ਜਿੱਤੇ।

2012 'ਚ ਸ਼ੁਰੂ ਕੀਤੀ ਜਿਮਨਾਸਟਿਕ
PunjabKesari
ਹਰਸ਼ਿਤਾ ਘਾਰੂ ਨੇ 2012 ਵਿਚ ਉਦੋਂ ਜਿਮਨਾਸਟਿਕ ਸ਼ੁਰੂ ਕੀਤੀ ਜਦੋਂ ਉਸ ਦੇ ਪਿਤਾ ਵੇਟ ਲਿਫਟਰ ਰਾਜ ਕੁਮਾਰ ਘਾਰੂ ਨੇ ਸਕੂਲ ਸਮਾਗਮਾਂ ਵਿਚ ਉਸ ਨੂੰ ਡਾਂਸ ਕਰਦੇ ਦੇਖਿਆ। ਬੇਟੀ ਦੀ ਫਲੈਕਸੀਬਿਲਟੀ ਦੇਖ ਕੇ ਪਿਤਾ ਨੇ ਸੋਚਿਆ ਕਿ ਸਵਿਮਿੰਗ ਅਤੇ ਜਿਮਨਾਸਟਿਕ ਵਿਚ ਹੀ ਬੇਟੀ ਨੂੰ ਭੇਜਣਾ ਚਾਹੀਦਾ ਹੈ। ਉਸ ਤੋਂ ਬਾਅਦ ਬੇਟੀ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਦੀ ਦਿਲਚਸਪੀ ਜਿਮਨਾਸਟਿਕ ਵਿਚ ਹੈ। ਪੋਲੋ ਗਰਾਊਂਡ ਸੈਂਟਰ ਵਿਚ ਗੁਰਮੀਤ ਕੌਰ ਦੇ ਕੋਲ ਜਿਮਨਾਸਟਿਕ ਸ਼ੁਰੂ ਕੀਤੀ ਤਾਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ।

ਜਜ਼ਬੇ ਨਾਲ ਭਰਪੂਰ ਹਰਸ਼ਿਤਾ ਅੰਡਰ-25 ਗਰੁੱਪ 'ਚ ਬੈਸਟ ਜਿਮਨਾਸਟ ਬਣੀ
ਖੇਡ ਵਿਭਾਗ ਵਲੋਂ ਕਰਵਾਏ ਗਏ ਮੁਕਾਬਲਿਆਂ ਵਿਚ ਵੀ ਹਰਸ਼ਿਤਾ ਅੰਡਰ-25 ਵਰਗ ਵਿਚ ਹਿੱਸਾ ਲੈ ਚੁੱਕੀ ਹੈ। ਅੰਡਰ-12 ਵਰਗ ਦੀ ਜਿਮਨਾਸਟ ਵਿਚ ਸੀਨੀਅਰ ਲੈਵਲ ਦੀਆਂ ਜਿਮਨਾਸਟਸ ਦੇ ਨਾਲ ਮੁਕਾਬਲੇ ਵਿਚ ਵੀ ਹਿੱਸਾ ਲਿਆ  ਅਤੇ ਓਵਰਆਲ ਬੈਸਟ ਜਿਮਨਾਸਟ ਦਾ ਖਿਤਾਬ ਆਪਣੇ ਨਾਂ ਕੀਤਾ। ਖੇਡ ਨੂੰ ਪੂਰੀ ਤਰ੍ਹਾਂ ਸਮਰਪਿਤ 14 ਸਾਲ ਦੀ ਇਹ ਜਿਮਨਾਸਟ ਸ਼ੁਰੂ ਤੋਂ ਹੀ ਸਵੇਰੇ ਤੜਕਸਾਰ ਉਠਦੀ ਹੈ ਅਤੇ ਉਸ ਤੋਂ ਬਾਅਦ ਆਪਣੇ ਪਿਤਾ ਨੂੰ ਉਠਾਉਂਦੀ ਹੈ ਤਾਂ ਕਿ ਉਹ ਉਸ ਨੂੰ ਟ੍ਰੇਨਿੰਗ ਲਈ ਉਸ ਦੇ ਸੈਂਟਰ ਛੱਡ ਕੇ ਆਉਣ। ਹਰਸ਼ਿਤਾ ਦੀ ਮਾਤਾ ਰਾਮੇਸ਼ਵਰੀ ਸਰਕਾਰੀ ਅਧਿਆਪਕਾ ਹੈ। ਉਹ ਵੀ ਬੇਟੀ ਦੀ ਖੇਡ ਵਿਚ ਉਸ ਨੂੰ ਸਹਿਯੋਗ ਦਿੰਦੀ ਹੈ।

ਹਰਸ਼ਿਤਾ ਦੀਆਂ ਪ੍ਰਾਪਤੀਆਂ
ਰਾਸ਼ਟਰੀ ਮੁਕਾਬਲਿਆਂ ਵਿਚ 3 ਵਾਰ ਹਿੱਸ ਲੈ ਚੁੱਕੀ ਹੈ।
ਸੀ. ਬੀ. ਐੱਸ. ਈ. ਰਾਸ਼ਟਰੀ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ।
ਡੀ. ਏ. ਵੀ. ਰਾਸ਼ਟਰੀ ਮੁਕਾਬਲਿਆਂ ਵਿਚ ਗੋਲਡ ਜਿੱਤਿਆ।
4 ਸਾਲਾਂ ਤੋਂ ਲਗਾਤਾਰ ਜ਼ਿਲੇ ਦੀ ਓਵਰਆਲ ਬੈਸਟ ਜਿਮਨਾਸਟ ਬਣੀ ਰਹੀ ਹੈ।
ਜ਼ਿਲਾ, ਸਟੇਟ ਅਤੇ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਹੁਣ ਤੱਕ ਕਈ ਮੈਡਲ ਪ੍ਰਾਪਤ ਕਰ ਚੁੱਕੀ ਹੈ ਅਤੇ ਜ਼ਿਆਦਾਤਰ ਗੋਲਡ ਮੈਡਲ ਜਿੱਤੇ।


Related News