ਗੈਰ-ਜ਼ਿੰਮੇਵਾਰ ਮੁੱਖ ਮੰਤਰੀ ਵਜੋਂ ਕੈਪਟਨ ਨੇ 70 ਸਾਲਾਂ ਦਾ ਰਿਕਾਰਡ ਤੋੜਿਆ : ''ਆਪ''

Tuesday, Nov 26, 2019 - 02:59 PM (IST)

ਗੈਰ-ਜ਼ਿੰਮੇਵਾਰ ਮੁੱਖ ਮੰਤਰੀ ਵਜੋਂ ਕੈਪਟਨ ਨੇ 70 ਸਾਲਾਂ ਦਾ ਰਿਕਾਰਡ ਤੋੜਿਆ : ''ਆਪ''

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ 26 ਨਵੰਬਰ ਨੂੰ ਭਾਰਤੀ ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਵਿਸ਼ੇਸ਼ ਇਜਲਾਸ 'ਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੈਰ-ਹਾਜ਼ਰ ਰਹਿਣ ਦੀਆਂ ਸੰਭਾਵਨਾਵਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਹੱਤਵਪੂਰਨ ਅਤੇ ਗੌਰਵਸ਼ਾਲੀ ਮੌਕੇ 'ਤੇ ਮੁੱਖ ਮੰਤਰੀ ਦੀ ਸਦਨ 'ਚ ਗੈਰ ਹਾਜ਼ਰੀ ਨਾ ਕੇਵਲ ਸੰਵਿਧਾਨ ਦਿਵਸ ਸਗੋਂ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਵੀ ਤੌਹੀਨ ਹੋਵੇਗੀ। 'ਆਪ' ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ 'ਕਿਚਨ ਕੈਬਨਿਟ' ਨਾਲ ਵਿਦੇਸ਼ਾਂ ਦੀ ਸੈਰ 'ਤੇ ਹਨ। ਯੂਰਪ 'ਚ ਸ਼ਿਕਾਰ ਖੇਡਣਾ ਅਤੇ ਮੌਜ ਮਸਤੀ ਕਰਨਾ 'ਰਾਜੇ-ਮਹਾਰਾਜਿਆਂ' ਦਾ ਸ਼ੌਕ ਰਿਹਾ ਹੋਵੇਗਾ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਪਟਿਆਲਾ ਦੇ ਸ਼ਾਹੀ ਖ਼ਾਨਦਾਨ ਕਾਰਣ ਨਹੀਂ ਸਗੋਂ ਸੰਵਿਧਾਨ ਦੇ ਧਾਗੇ 'ਚ ਪਰੋਈ ਭਾਰਤੀ ਲੋਕਤੰਤਰਿਕ ਵਿਵਸਥਾ ਤਹਿਤ ਮਿਲੀ ਹੋਈ ਹੈ। ਚੀਮਾ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਆਪਣੀਆਂ ਨੈਤਿਕ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਣ 'ਚ ਕੈਪਟਨ ਅਮਰਿੰਦਰ ਹਰ ਮੁਹਾਜ 'ਤੇ ਅਸਫ਼ਲ ਸਾਬਤ ਹੋਏ ਹਨ।

ਚੀਮਾ ਅਨੁਸਾਰ ਗੈਰ-ਜ਼ਿੰਮੇਵਾਰੀ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੇ 70 ਸਾਲਾਂ 'ਚ ਬਣੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਫ਼ਿਰਕਾਪ੍ਰਸਤ ਦੇ ਰਾਹ ਤੁਰੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੰਵਿਧਾਨ ਨੂੰ ਬਦਲਣ ਅਤੇ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਦੂਜੇ ਪਾਸੇ ਕੈ. ਅਮਰਿੰਦਰ ਸਿੰਘ ਵਰਗੇ ਮੁੱਖ ਮੰਤਰੀ ਲਈ 'ਸੰਵਿਧਾਨ ਦਿਵਸ' ਵੀ ਕੋਈ ਮਾਅਨੇ ਨਹੀਂ ਰੱਖਦਾ। ਚੰਗਾ ਹੁੰਦਾ ਜੇਕਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਸੰਵਿਧਾਨ ਦਿਵਸ ਮੌਕੇ ਸਦਨ 'ਚ ਹੁੰਦੇ ਅਤੇ ਸਮੁੱਚਾ ਸਦਨ ਇਕਜੁਟ ਅਤੇ ਇਕਸੁਰ ਹੋ ਕੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਖੋਖਲਾ ਕਰ ਰਹੀਆਂ ਫ਼ਿਰਕਾਪ੍ਰਸਤ ਤਾਕਤਾਂ ਵਿਰੁੱਧ ਸਦਨ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਦੇ।
 


author

Anuradha

Content Editor

Related News