ਯੂਕ੍ਰੇਨ ਤੋਂ ਪਰਤਿਆ ਢਡਿਆਲਾ ਦਾ ਹਰਮਨ, ਬਿਆਨ ਕੀਤੇ ਜੰਗ ਦੇ ਭਿਆਨਕ ਹਾਲਾਤ

Saturday, Mar 05, 2022 - 04:30 PM (IST)

ਯੂਕ੍ਰੇਨ ਤੋਂ ਪਰਤਿਆ ਢਡਿਆਲਾ ਦਾ ਹਰਮਨ, ਬਿਆਨ ਕੀਤੇ ਜੰਗ ਦੇ ਭਿਆਨਕ ਹਾਲਾਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪਿੰਡ ਢਡਿਆਲਾ ਦਾ ਵਿਦਿਆਰਥੀ ਹਰਮਨ, ਜੋ ਪਿਛਲੇ ਕਈ ਦਿਨਾਂ ਤੋਂ ਯੂਕ੍ਰੇਨ ਦੇ ਖ਼ਾਰਕੀਵ ’ਚ ਫਸਿਆ ਹੋਇਆ ਸੀ, ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਘਰ ਪਹੁੰਚਿਆ ਹੈ। ਹਰਮਨ ਸਿੰਘ ਪੁੱਤਰ ਦਲਜੀਤ ਸਿੰਘ, ਜੋ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਐੱਮ. ਡੀ. ਜਨਰਲ ਮੈਡੀਸਨ ਦੀ ਪੜ੍ਹਾਈ ਕਰ ਰਿਹਾ ਹੈ, ਸ਼ੁੱਕਰਵਾਰ ਸ਼ਾਮ ਨੂੰ ਘਰ ਪਹੁੰਚਿਆ। ਹਰਮਨ ਦੀ ਮਾਤਾ ਵਰਿੰਦਰ ਕੌਰ, ਚਾਚਾ ਦਲਵੀਰ ਸਿੰਘ, ਚਾਚਾ ਮਨਦੀਪ ਸਿੰਘ, ਭੈਣ ਪੱਲਵੀ, ਸਰਪੰਚ ਕੁੜਾ ਰਾਮ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਪ੍ਰਮਾਤਮਾ ਦੀ ਕਿਰਪਾ ਦੱਸਿਆ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਹਰਮਨ ਨੇ ਦੱਸਿਆ ਕਿ 24 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਉਸ ਨੇ ਆਪਣੇ ਕਰੀਬ 176 ਸਾਥੀਆਂ ਸਮੇਤ ਜੰਗ ਦੇ ਕੇਂਦਰ ਸ਼ਹਿਰ ਖਾਰਕੀਵ ਦੇ ਭੂਮੀਗਤ ਮੈਟਰੋ ਸਟੇਸ਼ਨ ’ਚ ਸ਼ਰਨ ਲਈ। ਹਾਲਾਂਕਿ ਉਹ ਸੁਰੱਖਿਅਤ ਸੀ ਪਰ ਗੋਲਾਬਾਰੀ ਕਾਰਨ ਉਸ ਨੇ ਕਈ ਦਿਨ ਘਬਰਾਹਟ ’ਚ ਬਿਤਾਏ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲੈ ਕੇ PM ਮੋਦੀ ਨੂੰ ਭਗਵੰਤ ਮਾਨ ਨੇ ਕੀਤੀ ਵੱਡੀ ਅਪੀਲ

ਇਸ ਦੌਰਾਨ ਸਥਿਤੀ ਵਿਗੜਨ ਕਾਰਨ ਉਸ ਨੇ ਸਾਥੀਆਂ ਸਮੇਤ 1 ਮਾਰਚ ਨੂੰ ਟਰੇਨ ਫੜੀ ਅਤੇ 23 ਘੰਟੇ ਦੇ ਸਫ਼ਰ ਤੋਂ ਬਾਅਦ ਯੂਕ੍ਰੇਨ ਦੀ ਪੱਛਮੀ ਸਰਹੱਦ ’ਤੇ ਸਥਿਤ ਲਵੀਵ ਸ਼ਹਿਰ ਪਹੁੰਚਿਆ। ਉੱਥੇ ਹੀ ਹੰਗਰੀ ਦੀ ਸਰਹੱਦ ’ਤੇ ਸਮਾਜਿਕ ਸੰਗਠਨਾਂ ਨੇ ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਕੀਤਾ। ਉਥੋਂ ਉਹ ਹੰਗਰੀ ਵਿਚ ਦਾਖਲ ਹੋਇਆ ਅਤੇ ਬੁਡਾਪੇਸਟ ਪਹੁੰਚ ਗਿਆ। ਜਿੱਥੋਂ ਭਾਰਤ ਸਰਕਾਰ ਵੱਲੋਂ ਫਲਾਈਟ ਦਾ ਪ੍ਰਬੰਧ ਕਰਕੇ ਉਸ ਨੂੰ ਭਾਰਤ ਭੇਜ ਦਿੱਤਾ ਗਿਆ। ਹਰਮਨ ਨੇ ਦੱਸਿਆ ਕਿ ਇਕੱਲੇ ਖ਼ਾਰਕੀਵ ’ਚ 1800 ਵਿਦਿਆਰਥੀ ਅਜੇ ਵੀ ਫਸੇ ਹੋਏ ਹਨ। ਹਰਮਨ ਨੇ ਭਾਰਤ ਪਹੁੰਚ ਕੇ ਜਿੱਥੇ ਰਾਹਤ ਮਹਿਸੂਸ ਕੀਤੀ, ਉੱਥੇ ਜੰਗ ਦੇ ਜਲਦੀ ਅੰਤ ਅਤੇ ਅਜੇ ਵੀ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰਦਿਆਂ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਜਲਦੀ ਭਾਰਤ ਲਿਆਉਣ ਦੀ ਅਪੀਲ ਕੀਤੀ। ਇਸ ਦੌਰਾਨ ਹਰਮਨ ਆਪਣੀ ਪੜ੍ਹਾਈ ਨੂੰ ਲੈ ਕੇ ਵੀ ਚਿੰਤਤ ਸੀ।


author

Manoj

Content Editor

Related News