ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਨੂੰ ਆਪਣਾ ਮੈਗਜ਼ੀਨ ਕੱਢਣ ਦੇ ਦਿੱਤੇ ਹੁਕਮ
Saturday, Oct 29, 2022 - 05:45 PM (IST)

ਚੰਡੀਗੜ੍ਹ : ਪੰਜਾਬ ਰਾਜ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀਆਂ ਛੁਪੀਆਂ ਕਲਾਤਮਕ ਸੂਖਮ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰ ਇਕ ਸਰਕਾਰੀ ਸਕੂਲ ਨੂੰ ਆਪਣਾ ਮੈਗਜ਼ੀਨ ਕੱਢਣ ਦੇ ਹੁਕਮ ਦਿੱਤੇ ਹਨ। ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਦੌਰੇ ਦੌਰਾਨ ਉਨ੍ਹਾਂ ਦੇਖਿਆ ਸਾਡੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ 'ਚ ਵੱਡੇ ਪੱਧਰ 'ਤੇ ਕਲਾਤਮਕ, ਰਚਨਾਤਮਕ ਤੇ ਸਾਹਿਤਕ ਹੁਨਰ ਹੈ। ਇਸ ਨੂੰ ਪ੍ਰਫੂੱਲਿਤ ਕਰਨ ਲਈ ਇਕ ਮੰਚ ਦੇਣ ਦੀ ਲੋੜ ਹੈ ਅਤੇ ਸਕੂਲ ਮੈਗਜ਼ੀਨ ਇਸ 'ਚ ਅਹਿਮ ਭੂਮਿਕਾ ਅਦਾ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਕਾਰਜ਼ ਲਈ ਡਾਇਰੈਕਟਰ ਐੱਸ. ਸੀ. ਈ. ਆਰ. ਟੀ ਵੱਲੋਂ ਸਮੂਹ ਸਕੂਲਾਂ ਨੂੰ ਮੈਗਜ਼ੀਨ ਰਿਲੀਜ਼ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਸਕੂਲ 14 ਨਵੰਬਰ ਬਾਲ ਦਿਵਸ ਦੇ ਮੌਕੇ ਹੱਥ ਲਿਖ਼ਤ ਜਾਂ ਪ੍ਰਿੰਟ ਰੂਪ 'ਚ ਸਕੂਲ ਮੈਗਜ਼ੀਨ ਤਿਆਰ ਕਰਕੇ ਉਕਤ ਦਿਨ ਹੀ ਸਕੂਲ ਵੱਲੋਂ ਸਮਾਗਮ ਕਰਨ ਜਿਸ 'ਚ ਪਤਵੰਤਿਆਂ ਅਤੇ ਮਾਪਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਵੇ ਅਤੇ ਸਕੂਲ ਮੈਗਜ਼ੀਨ ਦੀ ਪਹੁੰਚ ਵੱਧ ਤੋਂ ਵੱਧ ਹੱਥਾਂ ਤੱਕ ਹੋ ਸਕੇ। ਸਕੂਲ ਸਿੱਖਿਆ ਮੰਤਰੀ ਨੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਸਕੂਲ ਮੈਗਜ਼ੀਨ 'ਚ ਆਪ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ।