ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਹਰਜੋਤ ਬੈਂਸ ਦਾ ਵੱਡਾ ਬਿਆਨ, 'ਅਗਲਾ ਸ਼ਿਕਾਰ ਅਸੀਂ ਜਾਂ ਸਾਡੇ ਸਾਥੀ' (ਵੀਡੀਓ)

Friday, Mar 22, 2024 - 10:43 AM (IST)

ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਹਰਜੋਤ ਬੈਂਸ ਦਾ ਵੱਡਾ ਬਿਆਨ, 'ਅਗਲਾ ਸ਼ਿਕਾਰ ਅਸੀਂ ਜਾਂ ਸਾਡੇ ਸਾਥੀ' (ਵੀਡੀਓ)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਤੀ ਰਾਤ ਈ. ਡੀ. ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਵੇਲੇ ਲੋਕ ਸਭਾ ਚੋਣਾਂ ਸਿਰ 'ਤੇ ਹਨ ਅਤੇ ਲੱਖਾਂ ਲੋਕ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਹੀ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਦਿੱਲੀ ਜਾ ਰਹੇ ਹਨ, ਜਿੱਥੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਜ਼ਾਬਤੇ ਦੌਰਾਨ ਵੱਡੀ ਗੈਂਗਵਾਰ, ਰਾਤ ਵੇਲੇ ਗੋਲੀਆਂ ਨਾਲ ਦਹਿਲਿਆ ਇਲਾਕਾ

ਹਰਜੋਤ ਬੈਂਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਭਾਜਪਾ ਲਈ ਵੱਡਾ ਖ਼ਤਰਾ ਬਣ ਸਕਦੀ ਹੈ, ਇਸ ਲਈ ਉਹ ਇਸ ਤਰ੍ਹਾਂ ਦੀਆਂ ਹਰ ਸੰਭਵ ਕੋਸ਼ਿਸ਼ਾਂ ਕਰਨਗੇ ਤਾਂ ਜੋ ਪਾਰਟੀ ਖ਼ਤਮ ਹੋ ਜਾਵੇ। ਉਨ੍ਹਾਂ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਨੇ ਹੁਣ ਇਹ ਕੰਮ ਪੰਜਾਬ 'ਚ ਵੀ ਸ਼ੁਰੂ ਕਰਨਾ ਹੈ ਅਤੇ ਹੋ ਸਕਦਾ ਹੈ ਕਿ ਅਗਲਾ ਸ਼ਿਕਾਰ ਅਸੀਂ ਹੀ ਹੋਈਏ ਜਾਂ ਸਾਡੇ ਹੋਰ ਸਾਥੀ ਹੋਣ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਸਮਾਂ 1 ਅਪ੍ਰੈਲ ਤੋਂ ਬਦਲਿਆ, ਜਾਣੋ ਕੀ ਹੈ ਨਵੀਂ Timing

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਲੋਕਤੰਤਰ ਲਈ ਇਹ ਬਹੁਤ ਮਾੜੇ ਸੰਕੇਤ ਹਨ ਪਰ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ-ਜਿਨ੍ਹਾਂ ਨੇ ਵੀ ਅਜਿਹੀ ਗਲਤੀ ਕੀਤੀ ਹੈ, ਉਨ੍ਹਾਂ ਨੂੰ ਭਾਜੀ ਮੋੜਨੀ ਪਈ ਹੈ। ਹਰਜੋਤ ਬੈਂਸ ਨੇ ਕਿਹਾ ਕਿ ਮੈਂ ਸਾਲ 2011 ਤੋਂ ਅਰਵਿੰਦ ਕੇਜਰੀਵਾਲ ਜੀ ਦਾ ਸਾਥੀ ਹਾਂ ਅਤੇ ਉਨ੍ਹਾਂ ਨੇ ਹੀ ਮੈਨੂੰ ਜਿਊਣ ਦਾ ਮਕਸਦ ਦਿੱਤਾ ਸੀ। ਅਸੀਂ ਇਸ ਦੇ ਖ਼ਿਲਾਫ਼ ਕਾਨੂੰਨ ਦੀ ਮਰਿਆਦਾ 'ਚ ਰਹਿੰਦੇ ਹੋਏ ਆਪਣੀ ਆਵਾਜ਼ ਬੁਲੰਦ ਕਰਾਂਗੇ ਅਤੇ ਕੇਜਰੀਵਾਲ ਜੀ ਦੀ ਵਿਚਾਰਧਾਰਾ ਨੂੰ ਦੇਸ਼ ਦੇ ਹਰ ਕੋਨੇ 'ਚ ਲੈ ਕੇ ਜਾਵਾਂਗੇ ਕਿਉਂਕਿ ਉਨ੍ਹਾਂ ਦੀ ਲੜਾਈ ਕੋਈ ਨਿੱਜੀ ਲੜਾਈ ਨਹੀਂ ਹੈ।

ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਸਕੂਲ ਅਤੇ ਹਸਪਤਾਲ ਬਹੁਤ ਵਧੀਆ ਬਣ ਚੁੱਕੇ ਹਨ ਅਤੇ ਦੇਸ਼ ਦਾ ਹਰ ਸੂਬਾ ਚਾਹੁੰਦਾ ਹੈ ਕਿ ਸਾਡੀ ਸਰਕਾਰ ਕੇਜਰੀਵਾਲ ਸਰਕਾਰ ਵਰਗੀ ਹੋਵੇ। ਹਰਜੋਤ ਬੈਂਸ ਨੇ ਕਿਹਾ ਕਿ ਲੋਕਾਂ ਅਤੇ ਪਾਰਟੀ ਦੇ ਵਰਕਰਾਂ ਵਿਚਕਾਰ ਕੇਜਰੀਵਾਲ ਜੀ ਦੀ ਗ੍ਰਿਫ਼ਤਾਰ ਨੂੰ ਲੈ ਕੇ ਬੇਹੱਦ ਗੁੱਸਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News