ਹੁਣ ਉੱਤਰਾਖੰਡ ’ਚ ਪਿਆ ਨਵੇਂ ਸੂਬਾ ਪ੍ਰਧਾਨ ਤੇ ਪੁਰਾਣੇ ਨੇਤਾਵਾਂ ’ਚ ਪੰਗਾ, ਹਰੀਸ਼ ਰਾਵਤ ਨੇ ਟਵੀਟ ''ਤੇ ਆਖੀ ਵੱਡੀ ਗੱਲ
Sunday, Jul 25, 2021 - 11:10 AM (IST)
ਜਲੰਧਰ (ਧਵਨ)- ਪੰਜਾਬ ਵਿਚ ਕਾਂਗਰਸ ਦਾ ਸੰਕਟ ਹੱਲ ਹੋਣ ਤੋਂ ਬਾਅਦ ਹੁਣ ਉੱਤਰਾਖੰਡ ਵਿਚ ਬਣਾਈ ਗਈ ਨਵੀਂ ਟੀਮ ਅਤੇ ਪੁਰਾਣੀ ਲੀਡਰਸ਼ਿਪ ’ਚ ਪੰਗਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਉੱਤਰਾਖੰਡ ਵਿਚ ਸੂਬਾ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਾਲ ਹੋਣੀਆਂ ਹਨ। ਉੱਤਰਾਖੰਡ ਚੋਣ ਪ੍ਰਚਾਰ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਹਰੀਸ਼ ਰਾਵਤ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ 2022 ਵਿਚ ਪਾਰਟੀ ਦੀ ਜਿੱਤ ਲਈ ਕੰਮ ਕਰਨਾ ਹੈ। ਰਾਵਤ ਨੇ ਜਿੱਥੇ ਉੱਤਰਾਖੰਡ ਦੇ ਕਾਂਗਰਸੀਆਂ ਨੂੰ ਇਸ ਟਵੀਟ ਰਾਹੀਂ ਸੁਨੇਹਾ ਦਿੱਤਾ ਹੈ, ਉਥੇ ਹੀ ਪੰਜਾਬ ਦੇ ਕਾਂਗਰਸੀਆਂ ਨੂੰ ਵੀ ਇਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼
ਰਾਵਤ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਸੂਬੇ (ਉੱਤਰਾਖੰਡ) ਵਿਚ ਸਿਰਫ਼ ਪ੍ਰਧਾਨ ਅਹੁਦੇ ਦਾ ਚਿਹਰਾ ਬਦਲਿਆ ਹੈ, ਲੀਡਰਸ਼ਿਪ ਅੱਜ ਵੀ ਉਹੀ ਪੁਰਾਣੀ ਹੈ। ਇਸ ਲਈ ਆਪਣੇ ਪੋਸਟਰਾਂ ਵਿਚ, ਆਪਣੇ ਵਤੀਰੇ ਵਿਚ ਸਾਰੇ ਨੇਤਾਵਾਂ ਨੂੰ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਲਿਖਿਆ ਕਿ ਲੀਡਰਸ਼ਿਪ ਇਕ ਦਿਨ ਵਿਚ ਨਹੀਂ ਬਣਦੀ, ਇਕ ਪੋਸਟਰ ਨਾਲ ਨਾ ਬਣਦੀ ਹੈ, ਨਾ ਵਿਗੜਦੀ ਹੈ। ਉਨ੍ਹਾਂ ਦਾ ਇਸ਼ਾਰਾ ਨਵੇਂ ਬਣੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲ ਸੀ। ਅਜਿਹਾ ਕਰਕੇ ਉਨ੍ਹਾਂ ਇਹ ਵੀ ਕਿਹਾ ਕਿ ਪੋਸਟਰਬਾਜ਼ੀ ਨਾਲ ਪਾਰਟੀ ਦਾ ਮਾਹੌਲ ਜ਼ਰੂਰ ਵਿਗੜਦਾ ਹੈ। ਇਸ ਲਈ ਸਾਡਾ ਕੋਈ ਵੀ ਸਹਿਯੋਗੀ ਪਾਰਟੀ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਨਾ ਕਰੇ। ਟਵੀਟ ਕਰਨ ਤੋਂ ਬਾਅਦ ਉਨ੍ਹਾਂ ਇਸ ਦੇ ਨਾਲ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀਆਂ ਨੂੰ ਵੀ ਜੋੜਿਆ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉੱਤਰਾਖੰਡ ਵਿਚ ਵੀ ਸੱਤਾ ਲਈ ਕਾਂਗਰਸੀਆਂ ’ਚ ਸੰਘਰਸ਼ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: ਡਿਪਟੀ ਕਤਲ ਕਾਂਡ: ਬੰਬੀਹਾ ਗਰੁੱਪ ਦੇ ਸਹਿਯੋਗੀ ਗੈਂਗ 'ਤੇ ਪੁਲਸ ਦਾ ਸ਼ੱਕ, ਗੁਰੂਗ੍ਰਾਮ ਦੇ ਗੈਂਗਸਟਰ ਨਾਲ ਜੁੜੇ ਤਾਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ