ਕੈਪਟਨ, ਬਾਜਵਾ ਤੇ ਸਿੱਧੂ ਦੇ ਟਕਰਾਅ 'ਤੇ ਬੋਲੇ ਹਰੀਸ਼ ਰਾਵਤ , 'ਮੈਂ ਹੂੰ ਨਾ'

9/13/2020 8:42:14 PM

ਜਲੰਧਰ/ਹਰਿਆਣਾ— ਪੰਜਾਬ 'ਚ ਲਗਭਗ ਡੇਢ ਸਾਲ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਕਾਂਗਰਸ ਹਾਈਕਮਾਨ ਨੇ ਸਿਆਸਤ ਦੇ ਹੰਡੇ ਖਿਡਾਰੀ ਉੱਤਰਾਖੰਡ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦਾ ਮੁਖੀ ਨਿਯੁਕਤ ਕਰ ਦਿੱਤਾ ਹੈ। ਰਾਵਤ ਦੀ ਨਿਯੁਕਤੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਪੰਜਾਬ ਕਾਂਗਰਸ ਧੜਿਆਂ 'ਚ ਵੰਡੀ ਹੈ। ਵਿਧਾਇਕਾਂ ਦਾ ਇਕ ਧੜਾ ਮੁੱਖ ਮੰਤਰੀ ਦੇ ਰਵੱਈਏ ਤੋਂ ਖੁਸ਼ ਨਹੀਂ ਹੈ ਅਤੇ ਸਰਕਾਰ ਦੇ ਖਿਲਾਫ 9 ਸਾਲ ਦੀ ਸੱਤਾ ਵਿਰੋਧੀ ਲਹਿਰ ਹੈ। ਅਜਿਹੇ 'ਚ ਹਰੀਸ਼ ਰਾਵਤ ਲਈ ਸਿਆਸੀ ਤੌਰ 'ਤੇ ਪੰਜਾਬ 'ਚ ਕਈ ਚੁਣੌਤੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਸਾਰੀਆਂ ਚੁਣੌਤੀਆਂ 'ਤੇ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਰਾਵਤ ਨਾਲ ਗੱਲ ਕੀਤੀ। ਪੇਸ਼ ਹੈ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਨਾਲ ਹੋਈ ਗੱਲਬਾਤ :

ਸਵਾਲ : ਪੰਜਾਬ ਕਾਂਗਰਸ ਦੇ ਮੁਖੀ ਤੌਰ 'ਤੇ ਹੋਈ ਨਿਯੁਕਤੀ ਨੂੰ ਤੁਸੀਂ ਕਿੰਨੀ ਵੱਡੀ ਚੁਣੌਤੀ ਮੰਨਦੇ ਹੋ?
ਜਵਾਬ :
ਪੰਜਾਬ ਹਮੇਸ਼ਾ ਤੋਂ ਕਾਂਗਰਸ ਲਈ ਚੰਗਾ ਸੂਬਾ ਰਿਹਾ ਹੈ ਅਤੇ ਇਥੋਂ ਦੇ ਲੋਕਾਂ ਨੇ ਨਾ ਸਿਰਫ ਵਿਧਾਨਸਭਾ ਚੋਣਾਂ 'ਚ ਸਗੋਂ ਲੋਕਸਭਾ ਦੇ ਚੋਣਾਂ 'ਚ ਵੀ ਲਗਾਤਾਰ ਕਾਂਗਰਸ ਨੂੰ ਸਮਰਥਨ ਦਿੱਤਾ ਹੈ। ਲਿਹਾਜ਼ਾ ਸਿਆਸੀ ਤੌਰ 'ਤੇ ਕਾਂਗਰਸ ਪੰਜਾਬ 'ਚ ਹਮੇਸ਼ਾ ਮਜ਼ਬੂਤ ਰਹੀ ਹੈ। ਅਜਿਹੇ 'ਚ ਇਸ ਸੂਬੇ ਦੇ ਮੁਖੀ ਦੇ ਤੌਰ 'ਤੇ ਨਿਯੁਕਤ ਹੋਣਾ ਮੇਰਾ ਕਿਸਮਤ ਹੈ। ਕਾਂਗਰਸ ਹਾਈਕਮਾਨ ਨੇ ਜਿਸ ਟੀਚੇ ਨਾਲ ਮੇਰੀ ਨਿਯੁਕਤੀ ਕੀਤੀ ਹੈ ਉਸ ਟੀਚੇ ਨੂੰ ਹਾਸਲ ਕਰਨ ਲਈ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ।

ਸਵਾਲ : ਸੂਬੇ 'ਚ ਕਾਂਗਰਸ ਕਈ ਧੜਿਆਂ 'ਚ ਵੰਡੀ ਹੈ, ਤੁਸੀਂ ਪਾਰਟੀ ਨੂੰ ਇਕਮੁੱਠ ਕਿਵੇਂ ਕਰੋਗੇ?
ਜਵਾਬ :
ਕਿਸੇ ਵੀ ਲੋਕਤਾਂਤਰਿਕ ਪਾਰਟੀ 'ਚ ਵਿਚਾਰਾਂ ਦਾ ਮਤਭੇਦ ਹੋਣਾ ਸਿਆਸੀ ਤੌਰ 'ਤੇ ਚੰਗਾ ਹੁੰਦਾ ਹੈ। ਜੇਕਰ ਨੇਤਾ ਆਪਣੀ ਗੱਲ ਨਹੀਂ ਰੱਖਣਗੇ ਤਾਂ ਪਾਰਟੀ ਹਾਈਕਮਾਨ ਨੂੰ ਚੰਗੇ-ਮਾੜੇ ਦਾ ਪਤਾ ਕਿਵੇਂ ਲੱਗੇਗਾ। ਕਾਂਗਰਸ ਇਕ ਲੋਕਤਾਂਤਰਿਕ ਪਾਰਟੀ ਹੈ ਅਤੇ ਇਸ 'ਚ ਵੀ ਨੇਤਾਵਾਂ ਵਿਚਕਾਰ ਵਿਚਾਰਕ ਮਤਭੇਦ ਹੋਣਾ ਲਾਜ਼ਮੀ ਹੈ ਪਰ ਉਹੀ ਫੈਸਲਾ ਕੀਤਾ ਜਾਏਗਾ ਜੋ ਪੰਜਾਬ ਦੇ ਲੋਕਾਂ ਅਤੇ ਪਾਰਟੀ ਦੇ ਭਲੇ 'ਚ ਹੋਵੇਗਾ।

ਇਹ ਵੀ ਪੜ੍ਹੋ: ਪਲਾਟ 'ਤੇ ਉਸਾਰੀ ਨੂੰ ਲੈ ਕੇ ਜਲਾਲਾਬਾਦ 'ਚ ਖੂਨੀ ਭਿੜ, ਸਕੇ ਭਰਾਵਾਂ ਨੂੰ ਮਾਰੀ ਗੋਲੀ

ਸਵਾਲ : ਵਿਚਾਰਾਂ ਦਾ ਮਤਭੇਦ ਇਕ ਵੱਖਰਾ ਵਿਸ਼ਾ ਹੈ ਪਰ ਪੰਜਾਬ 'ਚ ਨੇਤਾ ਆਸ਼ਾ ਕੁਮਾਰੀ ਨੂੰ ਹਟਾਉਣ 'ਤੇ ਜਸ਼ਨ ਮਨਾ ਰਹੇ ਹਨ। ਇਹ ਪਾਰਟੀ ਦੇ ਅੰਦਰੂਨੀ ਹਾਲਾਤ ਨੂੰ ਬਿਆਨ ਕਰ ਰਿਹਾ ਹੈ।
ਜਵਾਬ :
ਆਸ਼ਾ ਕੁਮਾਰ ਨੂੰ ਹਟਾਉਣਾ ਪਾਰਟੀ ਦੀ ਆਮ ਪ੍ਰਕਿਰਿਆ ਦਾ ਹਿੱਸਾ ਹੈ। ਇਸ ਵਿਚ ਉਨ੍ਹਾਂ ਦੇ ਸਨਮਾਨ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚਾਉਣ ਦਾ ਮਕਸਦ ਨਹੀਂ ਹੈ ਅਤੇ ਮੇਰੀ ਨਿਯੁਕਤੀ ਵੀ ਆਮ ਪ੍ਰਕਿਰਿਆ ਦੇ ਤਹਿਤ ਹੀ ਹੋਈ ਹੈ। ਮੈਨੂੰ ਲਗਦਾ ਹੈ ਕਿ ਇਸ ਵਿਚ ਜਸ਼ਨ ਮਨਾਉਣ ਦੀ ਕੋਈ ਗੱਲ ਨਹੀਂ ਹੈ। ਪਾਰਟੀ ਦੇ ਸਾਰੇ ਨੇਤਾ ਸਨਮਾਨਯੋਗ ਹਨ।

ਸਵਾਲ : ਪੰਜਾਬ 'ਚ ਪ੍ਰਤਾਪ ਸਿੰਘ ਬਾਜਵਾ ਕੈਪਟਨ ਸਿੰਘ ਦੇ ਖ਼ਿਲਾਫ਼ ਖੁੱਲ੍ਹੀ ਬਗਾਵਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਅਜਿਹੇ 'ਚ ਨੇਤਾਵਾਂ ਨੂੰ ਇਕਮੁੱਠ ਕਰ ਸਕੋਗੇ?
ਜਵਾਬ :
ਪੰਜਾਬ 'ਚ ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੰਧੂ ਅਤੇ ਸ਼ਮਸ਼ੇਰ ਸਿੰਘ ਦੂਲੋ ਨਾਲ ਮੇਰੇ ਚੰਗੇ ਸਬੰਧ ਹਨ। ਅਸੀਂ ਸੰਸਦ 'ਚ ਇਕੱਠੇ ਬਹੁਤ ਕੰਮ ਕੀਤਾ ਹੈ। ਮੈਂ ਇਨ੍ਹਾਂ ਸਾਰੇ ਨੇਤਾਵਾਂ ਵਿਚਾਲੇ ਤਾਲਮੇਲ ਬਿਠਾਵਾਂਗਾ। ਪਾਰਟੀ ਨੇ ਕੁਝ ਸੋਚ-ਸਮਝ ਕੇ ਮੇਰੀ ਨਿਯੁਕਤੀ ਕੀਤੀ ਹੈ। ਕੁਝ ਕੰਮ ਮੇਰੇ ਲਈ ਵੀ ਛੱਡ ਦਿੱਤਾ ਜਾਣਾ ਚਾਹੀਦਾ ਹੈ। ਇਸ ਸਾਰੇ ਵਿਵਾਦ ਨੂੰ ਸੁਲਝਾਉਣ ਲਈ 'ਮੈਂ ਹੂੰ ਨਾ'।

PunjabKesari

ਸਵਾਲ : ਤਾਂ ਕੀ ਤੁਸੀਂ ਇਨ੍ਹਾਂ ਸਾਰੇ ਨੇਤਾਵਾਂ ਦੀ ਆਪਸ 'ਚ ਮੀਟਿੰਗ ਕਰਵਾਓਗੇ?
ਜਵਾਬ :
ਕਿਸੇ ਵੀ ਸੂਬੇ 'ਚ ਪਾਰਟੀ ਦੀ ਮਜ਼ਬੂਤੀ ਲਈ ਸਰਕਾਰ ਅਤੇ ਸੰਗਠਨ 'ਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਤਾਲਮੇਲ ਤੋਂ ਬਿਨਾਂ ਪਾਰਟੀ ਕਮਜ਼ੋਰ ਹੋ ਜਾਂਦੀ ਹੈ। ਯਕੀਨੀ ਤੌਰ 'ਤੇ ਮੈਂ ਸਾਰੇ ਨੇਤਾਵਾਂ ਨਾਲ ਗੱਲਬਾਤ ਕਰਕੇ ਸਾਰਿਆਂ ਦਾ ਪੱਖ ਸੁਣਾਂਗਾ ਅਤੇ ਪਾਰਟੀ ਤੇ ਪੰਜਾਬ ਦੇ ਹਿੱਤ 'ਚ ਜੋ ਵੀ ਫੈਸਲਾ ਹੋਵੇਗਾ ਉਹੀ ਕੀਤਾ ਜਾਏਗਾ।

ਸਵਾਲ : ਪੰਜਾਬ ਦੀ ਸਰਕਾਰ ਨੇ ਚੋਣ ਐਲਾਨ ਪੱਤਰ 'ਚ ਕੀਤੇ ਗਏ ਆਪਣੇ ਜ਼ਿਆਦਾਤਰ ਵਾਅਦੇ ਪੂਰੇ ਨਹੀਂ ਕੀਤੇ ਹਨ, ਤੁਸੀਂ ਜਨਤਾ ਵਿਚਾਲੇ ਕਿਵੇਂ ਜਾਓਗੇ?
ਜਵਾਬ :
ਬਤੌਰ ਪੰਜਾਬ ਮੁਖੀ ਮੈਂ ਸਭ ਤੋਂ ਪਹਿਲਾਂ ਪਾਰਟੀ ਦਾ ਚੋਣ ਐਲਾਨ ਪੱਤਰ ਪੜ੍ਹਨ ਜਾ ਰਿਹਾ ਹਾਂ ਅਤੇ ਇਸ ਐਲਾਨ ਪੱਤਰ 'ਚ ਜਿੰਨੇ ਵੀ ਵਾਅਦੇ ਹਨ ਉਨ੍ਹਾਂ ਦਾ ਪੂਰਾ ਵਿਸ਼ਲੇਸ਼ਣ ਕਰਾਂਗਾ ਅਤੇ ਮੈਂ ਇਹ ਯਕੀਨੀ ਬਣਾਵਾਂਗਾ ਕਿ ਸੂਬੇ 'ਚ ਪਾਰਟੀ ਦੀ ਸਰਕਾਰ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਪਰ ਤਸਵੀਰ ਦਾ ਦੂਸਰਾ ਪਹਿਲੂ ਇਹ ਹੈ ਕਿ ਕੋਰੋਨਾ ਕਾਰਣ ਸਾਰੀਆਂ ਸੂਬਾ ਸਰਕਾਰਾਂ ਵਿੱਤੀ ਸੰਕਟ 'ਚ ਹਨ ਅਤੇ ਜਿਨ੍ਹਾਂ ਵਾਅਦਿਆਂ 'ਚ ਪੈਸੇ ਦੀ ਭੂਮਿਕਾ ਹੈ ਉਥੇ ਵੀ ਅਸੀਂ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਅਗਲੇ ਸਾਲ ਕੋਸ਼ਿਸ਼ ਕਰਾਂਗੇ

ਸਵਾਲ : ਪ੍ਰਧਾਨ ਮੰਤਰੀ ਮੋਦੀ ਤੱਕ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਦੀ ਨਹੀਂ ਸੁਣਦੇ, ਤੁਸੀਂ ਉਨ੍ਹਾਂ ਨਾਲ ਤਾਲਮੇਲ ਕਿਵੇਂ ਕਰਵਾਓਗੇ?
ਜਵਾਬ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਟਿੱਪਣੀ ਨੂੰ ਕੰਪਲੀਮੈਂਟ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ। ਨੇਤਾ ਨੂੰ ਮਜ਼ਬੂਤ ਹੋਣਾ ਹੀ ਚਾਹੀਦਾ ਹੈ। ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੀ ਗੱਲ ਨਾ ਸੁਣੀ ਹੋਵੇ ਅਤੇ ਮੋਦੀ ਇਸ ਗੱਲ ਦੀ ਸ਼ਿਕਾਇਤ ਦੇ ਤੌਰ 'ਤੇ ਕੈਪਟਨ ਨੂੰ ਲੈ ਕੇ ਇਹ ਟਿੱਪਣੀ ਕਰ ਰਹੇ ਹੋਣ। ਇਹ ਮਾਣ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ: ਕੈਨੇਡਾ ਬੈਠੀਆਂ ਧੀਆਂ ਸਣੇ ਪੂਰੇ ਪਰਿਵਾਰ ਲਈ 2 ਰੁਪਏ ਕਿਲੋ ਕਣਕ ਲੈ ਰਿਹਾ ਸੀ ਇਹ ਗ਼ਰੀਬ ਅਕਾਲੀ ਲੀਡਰ

ਸਵਾਲ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਸਬੰਧੀ ਕਾਂਗਰਸ ਦੇ ਹੀ ਨੇਤਾ ਟਿੱਪਣੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਾਰਿਆ ਹੋਇਆ ਨੇਤਾ ਦੱਸਿਆ ਜਾ ਰਿਹਾ ਹੈ। ਅਜਿਹੇ 'ਚ ਪ੍ਰਧਾਨ ਦਾ ਕੀ ਸਨਮਾਨ ਰਹਿ ਜਾਂਦਾ ਹੈ। ਇਸ 'ਤੇ ਕਿਵੇਂ ਕੰਟਰੋਲ ਕਰੋਗੇ?
ਜਵਾਬ :
ਸਿਆਸਤ 'ਚ ਹਾਰ ਅਤੇ ਜਿੱਤ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਅਤੇ ਇਹ ਨੇਤਾ ਦੀ ਸਮਰੱਥਾ ਦਾ ਪੈਮਾਨਾ ਨਹੀਂ ਹੋਣਾ ਚਾਹੀਦਾ। ਸੁਨੀਲ ਜਾਖੜ ਸੀਨੀਅਰ ਨੇਤਾ ਹਨ ਅਤੇ ਕਾਂਗਰਸ 'ਚ ਉਨ੍ਹਾਂ ਦਾ ਬਹੁਤ ਸਨਮਾਨ ਹੈ। ਜੇਕਰ ਉਨ੍ਹਾਂ ਸਬੰਧੀ ਪਾਰਟੀ ਦੇ ਨੇਤਾਵਾਂ 'ਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੈ ਜਾਂ ਉਨ੍ਹਾਂ ਦੇ ਕੰਮ ਸਬੰਧੀ ਕਿਸੇ ਤਰ੍ਹਾਂ ਦਾ ਗੁੱਸਾ ਹੈ ਤਾਂ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਕਰ ਕੇ ਇਸ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।

ਸਵਾਲ : ਕੋਰੋਨਾ ਕਾਲ ਦੌਰਾਨ ਜੀ. ਐੱਸ. ਟੀ. ਦੇ ਮੁਆਵਜ਼ੇ ਸਬੰਧੀ ਪੰਜਾਬ ਨੇ ਕੇਂਦਰ ਤੋਂ ਬਹੁਤ ਵਾਰ ਮੰਗ ਕੀਤੀ ਹੈ, ਤੁਸੀਂ ਕੇਂਦਰ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਉੱਤਰ :
ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਪੰਜਾਬ ਸਮੇਤ ਸਾਰੇ ਸੂਬਿਆਂ ਦੇ ਨਾਲ ਬੇਇਨਸਾਫੀ ਕੀਤੀ ਹੈ। ਕੋਰੋਨਾ ਮਹਾਮਾਰੀ ਕਾਰਨ ਸਾਰੇ ਰਾਜਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ ਪਰ ਆਰਥਿਕ ਸੰਕਟ ਦੀ ਇਸ ਘੜੀ ਵਿਚ ਕੇਂਦਰ ਸਰਕਾਰ ਨੇ ਰਾਜਾਂ ਦੀ ਬਾਂਹ ਫੜ੍ਹਨ ਤੋਂ ਇਨਕਾਰ ਕਰ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਕੇਂਦਰ ਨੂੰ ਇਸ ਮਾਮਲੇ 'ਚ ਥੋੜ੍ਹਾ ਉਦਾਰ ਹੋਣਾ ਚਾਹੀਦਾ ਹੈ ਤੇ ਸੂਬਿਆਂ ਦਾ ਬਣਦਾ ਮੁਆਵਜ਼ਾ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਣਾ ਚਾਹੀਦਾ ਹੈ। ਮੁਆਵਜ਼ਾ ਜਾਰੀ ਨਾ ਹੋਣ ਕਾਰਣ ਹੀ ਕਈ ਸੂਬਿਆਂ ਵਿਚ ਵਿਕਾਸ ਕੰਮ ਰੁਕੇ ਹੋਏ ਹਨ ਕਿਉਂਕਿ ਵਿਕਾਸ ਲਈ ਰਾਜਾਂ ਨੂੰ ਫੰਡ ਦੀ ਲੋੜ ਹੈ ਅਤੇ ਇਸ ਸਮੇਂ ਰਾਜਾਂ ਨੂੰ ਜਿੰਨਾ ਮਾਲੀਆ ਮਿਲ ਰਿਹਾ ਹੈ, ਉਸ ਨਾਲ ਰਾਜਾਂ ਦੇ ਆਮ ਖਰਚੇ ਵੀ ਪੂਰੇ ਨਹੀਂ ਹੋ ਰਹੇ ਹਨ।

ਸਵਾਲ : ਸ਼ੁੱਕਰਵਾਰ ਸ਼ਾਮ ਐਲਾਨ ਕੀਤੀ ਗਈ ਕਾਂਗਰਸ ਦੀ ਨਵੀਂ ਟੀਮ ਵਿਚ ਰਾਹੁਲ ਗਾਂਧੀ ਦੀ ਛਾਪ ਨਜ਼ਰ ਆਉਂਦੀ ਹੈ, ਕੀ ਪੰਜਾਬ ਵੀ ਆਉਣ ਵਾਲੇ ਦਿਨਾਂ 'ਚ ਰਾਹੁਲ ਗਾਂਧੀ ਦੀ ਛਾਪ ਵਾਲੀ ਟੀਮ ਦੇਖਣ ਨੂੰ ਮਿਲ ਸਕਦੀ ਹੈ?
ਜਵਾਬ :
ਰਾਹੁਲ ਗਾਂਧੀ ਕਾਂਗਰਸ ਦੇ ਮਾਣਯੋਗ ਨੇਤਾ ਹਨ ਅਤੇ ਸਾਡੇ ਭਵਿੱਖ ਦੇ ਨੇਤਾ ਵੀ ਉਹ ਹੀ ਹਨ। ਲਿਹਾਜ਼ਾ ਕਾਂਗਰਸ ਦੀ ਟੀਮ 'ਤੇ ਉਨ੍ਹਾਂ ਦੀ ਛਾਪ ਨਜ਼ਰ ਆਉਣਾ ਸੁਭਾਵਿਕ ਹੈ। ਪੰਜਾਬ ਵਿਚ ਵੀ ਆਉਣ ਵਾਲੇ ਦਿਨਾਂ ਵਿਚ ਯਕੀਨੀ ਤੌਰ 'ਤੇ ਇਹ ਛਾਪ ਨਜ਼ਰ ਆਵੇਗੀ। ਮੈਨੂੰ ਫਿਲਹਾਲ ਅਜੇ ਨਵੀਂ-ਨਵੀਂ ਜ਼ਿੰਮੇਵਾਰੀ ਮਿਲੀ ਹੈ। ਪੰਜਾਬ ਵਿਚ ਕਾਂਗਰਸ ਦੀ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਇਸ ਵਿਸ਼ੇ 'ਤੇ ਅਗਲਾ ਕਦਮ ਚੁੱਕਿਆ ਜਾਵੇਗਾ।

ਇਹ ਵੀ ਪੜ੍ਹੋ: ਕੈਪਟਨ ਦੇ 'ਆਪ' 'ਤੇ ਦਿੱਤੇ ਬਿਆਨ ਦਾ ਅਮਨ ਅਰੋੜਾ ਵੱਲੋਂ ਪਲਟਵਾਰ

ਸਵਾਲ : ਤੁਸੀਂ ਪੰਜਾਬ ਕਦੋਂ ਆ ਰਹੇ ਹੋ?
ਜਵਾਬ :
ਪੰਜਾਬ ਦੇ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ ਅਤੇ ਮੈਂ ਕਈ ਵਾਰ ਪੰਜਾਬ ਆ ਚੁੱਕਾ ਹਾਂ। ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੇਰੀ ਚੰਗੀ ਬਣਦੀ ਹੈ। ਪੰਜਾਬ ਦੇ ਨਾਲ ਉੱਤਰਾਖੰਡ ਦਾ ਧਾਰਮਿਕ ਅਤੇ ਸੱਭਿਚਾਰਕ ਸਬੰਧ ਵੀ ਹੈ। ਸਾਡੇ ਇੱਥੇ ਗੁਰਦੁਆਰਾ ਰੀਠਾ ਸਾਹਿਬ ਹੈ, ਜਿੱਥੇ ਅੱਜ ਵੀ ਰੀਠੇ ਮਿੱਠੇ ਹੀ ਹੁੰਦੇ ਹਨ। ਮੈਨੂੰ ਉਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਅਤੇ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਹੇਮਕੁੰਟ ਸਾਹਿਬ ਜਾਣ ਵਾਲੀ ਸੜਕੀ ਦਾ ਕੰਮ ਕਰਵਾਉਣ ਦਾ ਮੌਕਾ ਵੀ ਮੈਨੂੰ ਹੀ ਬਤੌਰ ਮੁੱਖ ਮੰਤਰੀ ਹਾਸਲ ਹੋਇਆ ਸੀ। ਪੰਜਾਬੀ ਸੁਭਾਅ ਦੇ ਗਰਮ ਹੁੰਦੇ ਹਨ ਤੇ ਅਸੀਂ ਪਹਾੜੀ ਰਾਜਾਂ ਵਾਲੇ ਸੁਭਾਅ ਦੇ ਥੋੜੇ ਠੰਡੇ ਹਾਂ। ਲਿਹਾਜ਼ਾ ਦੋਵਾਂ 'ਚ ਤਾਲਮੇਲ ਕਾਫੀ ਚੰਗਾ ਬੈਠੇਗਾ। ਜਿਵੇਂ ਹੀ ਮਹਾਮਾਰੀ ਦੀ ਸਥਿਤੀ ਥੋੜ੍ਹੀ ਆਮ ਹੁੰਦੀ ਹੈ, ਮੈਂ ਜਲਦ ਹੀ ਪੰਜਾਬ ਦਾ ਦੌਰਾ ਕਰਾਂਗਾ ਅਤੇ ਸਾਰੇ ਨੇਤਾਵਾਂ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਆਪਣਾ ਕੰਮ ਸ਼ੁਰੂ ਕਰਾਂਗਾ।

ਸਵਾਲ : ਪੰਜਾਬ ਵਿਚ ਕਾਂਗਰਸ ਨਸ਼ੇ ਦਾ ਖਾਤਮਾ ਕਰਨ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਸੀ ਪਰ ਅਜੇ ਤਕ ਤਸਵੀਰ ਨਹੀਂ ਬਦਲੀ। ਵਿਰੋਧੀ ਪਾਰਟੀ ਦੋਸ਼ ਲਾ ਰਹੀ ਹੈ ਕਿ ਕਾਂਗਰਸ ਦੇ ਨੇਤਾ ਹੀ ਨਸ਼ੇ ਦਾ ਕਾਰੋਬਾਰ ਕਰਦੇ ਹਨ, ਤੁਸੀਂ ਇਸ ਧਾਰਣਾ ਨੂੰ ਕਿਵੇਂ ਬਦਲੋਗੇ?
ਜਵਾਬ :
ਪੰਜਾਬ ਸਰਹੱਦ ਦੇ ਨਾਲ ਲੱਗਦਾ ਸੂਬਾ ਹੈ ਤੇ ਮੈਨੂੰ ਇਹ ਕਹਿਣ ਵਿਚ ਬਿਲਕੁਲ ਝਿਜਕ ਨਹੀਂ ਹੈ ਕਿ ਰਾਜ ਦੀ ਸਰਕਾਰ ਨੇ ਇਸ ਮਾਮਲੇ ਵਿਚ ਚੰਗਾ ਕੰਮ ਕੀਤਾ ਹੈ ਤੇ ਪੰਜਾਬ ਵਿਚ ਨਸ਼ੇ ਦੀ ਸਪਲਾਈ 'ਤੇ ਰੋਕ ਲਾਈ ਹੈ ਤੇ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਕਈ ਵਾਰ ਅਜਿਹੇ ਗਿਰੋਹਾਂ ਦਾ ਪਰਦਾਫਾਸ਼ ਹੋਇਆ ਹੈ, ਜਿਹੜੇ ਨਸ਼ੇ ਦਾ ਕੰਮ ਕਰਨ ਵਿਚ ਸ਼ਾਮਲ ਸਨ। ਸਰਕਾਰ ਨੇ ਬੀ. ਐੱਸ. ਐੱਫ. ਦੇ ਨਾਲ ਤਾਲਮੇਲ ਕਰ ਕੇ ਨਸ਼ੇ ਦੀ ਸਪਲਾਈ ਕਰਨ ਵਾਲੀ ਚੇਨ ਨੂੰ ਤੋੜਨ ਦਾ ਕੰਮ ਕੀਤਾ ਹੈ। ਲਿਹਾਜ਼ਾ ਮੈਂ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਾਂਗਾ ਤੇ ਮੈਨੂੰ ਲੱਗਦਾ ਹੈ ਕਿ ਵਿਰੋਧੀ ਪਾਰਟੀ ਦੇ ਦਾਅਵੇ ਵਿਚ ਕੋਈ ਦਮ ਨਹੀਂ ਹੈ।

ਸਵਾਲ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ 'ਤੇ ਕਾਰਵਾਈ ਕਰਨ ਤੋਂ ਕਤਰਾਉਂਦੇ ਹਨ। ਉਨ੍ਹਾਂ 'ਤੇ ਇਹ ਦੋਸ਼ ਲੱਗਦਾ ਹੈ ਕਿ ਉਹ ਅਕਾਲੀਆਂ ਦੇ ਨਾਲ ਰਲੇ ਹੋਏ ਹਨ।
ਜਵਾਬ :
ਜਿਸ ਨੇਤਾ ਨੇ ਅਕਾਲੀ ਦਲ ਨੂੰ ਸਿਆਸੀ ਤੌਰ 'ਤੇ ਖਤਮ ਕਰ ਦਿੱਤਾ ਹੈ ਤੇ ਨੇਤਾ ਵਿਰੋਧੀ ਦਲ ਬਣਨ ਦੇ ਲਾਇਕ ਵੀ ਨਾ ਛੱਡੇ ਹੋਣ, ਉਸ 'ਤੇ ਅਜਿਹੇ ਇਲਜ਼ਾਮ ਕਿਵੇਂ ਲਾਏ ਜਾ ਸਕਦੇ ਹਨ। ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰਕਾਸ਼ ਸਿੰਘ ਬਾਦਲ ਉਮਰ ਵਿਚ ਉਨ੍ਹਾਂ ਤੋਂ ਵੱਡੇ ਹਨ, ਲਿਹਾਜ਼ਾ ਕੈਪਟਨ ਉਮਰ ਦੇ ਲਿਹਾਜ਼ ਨਾਲ ਉਨ੍ਹਾਂ ਦਾ ਸਨਮਾਨ ਕਰਦੇ ਹਨ। ਇਹ ਇਕ ਵੱਖਰਾ ਵਿਸ਼ਾ ਹੈ ਪਰ ਸਿਆਸੀ ਤੌਰ 'ਤੇ ਉਹ ਅਕਾਲੀ ਦਲ ਦੇ ਨਾਲ ਨਹੀਂ ਰਲ ਸਕਦੇ। ਅਜਿਹਾ ਦੋਸ਼ ਹਾਸੋਹੀਣਾ ਹੈ।
ਇਹ ਵੀ ਪੜ੍ਹੋ: ਸੰਸਦ ਮੈਂਬਰ ਭਗਵੰਤ ਮਾਨ ਦੇ ਕੋਰੋਨਾ ਟੈਸਟ ਦੀ ਰਿਪੋਰਟ ਆਈ ਸਾਹਮਣੇ


shivani attri

Content Editor shivani attri