ਪਟਿਆਲਾ ਵਿਖੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰੁਜ਼ਗਾਰ ਮੇਲੇ ’ਚ ਵੰਡੇ ਨਿਯੁਕਤੀ ਪੱਤਰ
Saturday, Oct 22, 2022 - 10:57 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਭਰ 'ਚ ਸਥਿਤ 50 ਕੇਂਦਰਾਂ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰ ਸਰਕਾਰ ਦੀਆਂ 10 ਲੱਖ ਨੌਕਰੀਆਂ ਲਈ ਭਰਤੀ ਮੁਹਿੰਮ ‘ਰੁਜ਼ਗਾਰ ਮੇਲੇ’ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਪਟਿਆਲਾ ਦੇ ਪੀ. ਐੱਲ. ਡਬਲਿਊ. ਵਿਖੇ ਕੇਂਦਰੀ ਪੈਟਰੋਲਿੰਗ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਪਹੁੰਚ ਕੇ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਪਹੁੰਚ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ : ਪੈਟਰੋਲ ਪੰਪ ’ਤੇ ਮੁਲਾਜ਼ਮ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟੇ 10 ਹਜ਼ਾਰ, ਪੁਲਸ ਨੇ ਦਬੋਚੇ
ਪ੍ਰਧਾਨ ਮੰਤਰੀ ਵੱਲੋਂ ਵਰਚੂਅਲ ਸਮਾਗਮ ਰਾਹੀਂ ਦੇਸ਼ ਭਰ ਵਿਚ ਸ਼ੁਰੂ ਕੀਤੇ ਗਏ ਇਸ ਰੁਜ਼ਗਾਰ ਮੇਲੇ ਤਹਿਤ 75,000 ਤੋਂ ਵੱਧ ਨਵ-ਨਿਯੁਕਤ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਨਵ-ਨਿਯੁਕਤ ਸਰਕਾਰੀ ਕਰਮਚਾਰੀਆਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਗਈ। ਪੀ. ਐੱਲ. ਡਬਲਿਊ. ਪਟਿਆਲਾ ਵਿਖੇ ਲਗਾਏ ਗਏ ‘ਰੁਜ਼ਗਾਰ ਮੇਲੇ’ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਦੇ ਨਵੇਂ ਭਰਤੀ ਹੋਏ ਲੋਕਾਂ ਨੂੰ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਨਵ-ਨਿਯੁਕਤ ਵਿਅਕਤੀਆਂ ਨੂੰ ਪਟਿਆਲਾ ਡਾਕ ਵਿਭਾਗ ਅਤੇ ਵੱਖ-ਵੱਖ ਰਾਸ਼ਟਰੀ ਬੈਂਕਾਂ ਵਿਚ ਨਿਯੁਕਤੀ ਦਿੱਤੀ ਗਈ। ਇਹ ਭਰਤੀ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਖੁਦ ਤੇ ਭਰਤੀ ਏਜੰਸੀਆਂ ਜਿਵੇਂ ਰੇਲਵੇ ਭਰਤੀ ਬੋਰਡ ਦੁਆਰਾ ਕੀਤੀ ਗਈ, ਤੇਜ਼ੀ ਨਾਲ ਭਰਤੀ ਲਈ ਚੋਣ ਪ੍ਰਕਿਰਿਆ ਨੂੰ ਸਰਲ ਅਤੇ ਤਕਨੀਕੀ ਤੌਰ ’ਤੇ ਕੁਸ਼ਲ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਆਏ ਅਧਿਕਾਰੀ ਮੋੜੇ ਬੇਰੰਗ
ਪੀ. ਐੱਲ. ਡਬਲਿਊ. ਪਟਿਆਲਾ ਵਿਖੇ ਇਕੱਠੇ ਹੋਏ ਨਵ-ਨਿਯੁਕਤ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਸੀ। ਇਸ ਮੇਲੇ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ, ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਪੀ. ਐੱਲ. ਡਬਲਿਊ. ਦੇ ਚੀਫ਼ ਐਡਮਨਿਸਟ੍ਰੇਟਰ ਅਸ਼ੇਸ਼ ਅਗਰਵਾਲ, ਪੰਜਾਬ ਭਾਜਪਾ ਦੇ ਬੁਲਾਰੇ ਭੂਪੇਸ਼ ਅਗਰਵਾਲ, ਸੀਨੀਅਰ ਭਾਜਪਾ ਆਗੂ ਗੁਰਜੀਤ ਸਾਹਨੀ, ਪੰਜਾਬ ਭਾਜਪਾ ਦੇ ਸਕੱਤਰ ਗੁਰਤੇਜ ਢਿੱਲੋਂ, ਸੁਖਵਿੰਦਰ ਕੌਰ ਨੌਲੱਖਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਵਿਕਾਸ ਸ਼ਰਮਾ ਘਨੌਰ, ਬਲਵੰਤ ਰਾਏ, ਵਰੁਣ ਗੋਇਲ, ਇੰਜ. ਅਜੇ ਥਾਪਰ, ਸੀਨੀਅਰ ਆਗੂ ਕੇ. ਕੇ. ਮਲਹੋਤਰਾ, ਇੰਜ. ਸੁਭਾਸ਼ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।