ਲਟਕਦੀਆਂ ਤਾਰਾਂ ਦੇ ਨੰਗੇ ਜੋੜਾਂ ਕਾਰਨ ਲੋਕਾਂ ''ਚ ਡਰ ਦਾ ਮਾਹੌਲ
Wednesday, Jul 19, 2017 - 12:41 AM (IST)
ਰੂਪਨਗਰ, (ਕੈਲਾਸ਼)- ਵਾਰਡ ਨੰ. 3 'ਚ ਪੈਂਦੇ ਮੁਹੱਲਾ ਸਦਾਬਰਤ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਨਾਲ ਲਟਕਦੀਆਂ ਬਿਜਲੀ ਦੀਆਂ ਤਾਰਾਂ, ਜਿਨ੍ਹਾਂ ਦੇ ਜੋੜ ਨੰਗੇ ਹਨ, ਕਰਕੇ ਮੁਹੱਲਾ ਨਿਵਾਸੀਆਂ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ 'ਚ ਰੋਸ ਵੇਖਣ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਵੀ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇਥੋਂ ਲਿਜਾਂਦੇ ਹਨ ਤਾਂ ਬਿਜਲੀ ਦੀਆਂ ਲਟਕਦੀਆਂ ਤਾਰਾਂ ਦੇ ਨੰਗੇ ਜੋੜਾਂ ਨਾਲ ਲੱਗਣ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਨੰਗੇ ਜੋੜਾਂ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਉਹ ਕਈ ਬਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦੇ ਚੁੱਕੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਅਪੀਲ ਕੀਤੀ ਕਿ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਤੇ ਤਾਰਾਂ ਨੂੰ ਉੱਚਾ ਕਰਵਾਇਆ ਜਾਵੇ। ਇਸ ਮੌਕੇ ਲਾਲੀ ਸਿੰਘ ਪ੍ਰਧਾਨ, ਰਾਣਾ ਸਿੰਘ, ਬਲਵੀਰ ਸਿੰਘ ਤੇ ਬਲਵਿੰਦਰ ਸਿੰਘ ਤੋਂ ਇਲਾਵਾ ਪੰਚਾਇਤ ਮੈਂਬਰ ਹਾਜ਼ਰ ਸਨ।
