ਹਰਿਆਣਾ ਪੁਲਸ ਵਲੋਂ ਚਿਤਾਵਨੀ : ਹਨੀਪ੍ਰੀਤ ਸਰੰਡਰ ਕਰੇ ਨਹੀਂ ਤਾਂ ਐਲਾਨਾਂਗੇ ਭਗੌੜਾ

Friday, Sep 29, 2017 - 12:43 AM (IST)

ਹਰਿਆਣਾ ਪੁਲਸ ਵਲੋਂ ਚਿਤਾਵਨੀ : ਹਨੀਪ੍ਰੀਤ ਸਰੰਡਰ ਕਰੇ ਨਹੀਂ ਤਾਂ ਐਲਾਨਾਂਗੇ ਭਗੌੜਾ

ਚੰਡੀਗੜ੍ਹ - ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਵੀਰਵਾਰ ਰਾਤ ਤਕ ਵੀ ਪੁਲਸ ਦੀ ਪਕੜ ਤੋਂ ਬਾਹਰ ਸੀ। ਹਰਿਆਣਾ ਪੁਲਸ ਨੇ ਹਨੀਪ੍ਰੀਤ ਨੂੰ ਵੀਰਵਾਰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜਾਂ ਤਾਂ ਉਹ ਸਰੰਡਰ ਕਰ ਦੇਵੇ ਨਹੀਂ ਤਾਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਵੇਗਾ। ਹਨੀਪ੍ਰੀਤ ਦਿੱਲੀ ਹਾਈ ਕੋਰਟ ਤੋਂ ਰਾਹਤ ਮੰਗਣ ਗਈ ਸੀ ਪਰ ਉਥੋਂ ਖਾਲੀ ਹੱਥ ਪਰਤਣ ਪਿੱਛੋਂ ਉਸ ਨੇ ਕਿਸੇ ਹੋਰ ਅਦਾਲਤ ਦਾ ਅਜੇ ਤਕ ਦਰਵਾਜ਼ਾ ਨਹੀਂ ਖੜਕਾਇਆ। ਹਰਿਆਣਾ ਦੇ ਏ. ਜੀ. ਡੀ. ਪੀ. ਮੁਹੰਮਦ ਅਕੀਲ ਨੇ ਕਿਹਾ ਕਿ ਹਨੀਪ੍ਰੀਤ ਨੂੰ ਅਸੀਂ ਇਕ ਮੌਕਾ ਦਿੱਤਾ ਹੈ। ਜੇ ਉਸ ਨੇ ਆਤਮ-ਸਮਰਪਣ ਨਾ ਕੀਤਾ ਤਾਂ ਸਾਡੇ ਕੋਲ ਉਸ ਨੂੰ ਭਗੌੜਾ ਕਰਾਰ ਦੇਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਰਾਮ ਰਹੀਮ ਦੇ ਜੇਲ ਜਾਣ ਪਿੱਛੋਂ ਹਨੀਪ੍ਰੀਤ ਦਾ ਕਿਸੇ ਨੂੰ ਕੁਝ ਨਹੀਂ ਪਤਾ ਕਿ ਉਹ ਕਿਥੇ ਹੈ। ਉਹ ਲਗਾਤਾਰ ਆਪਣੇ ਟਿਕਾਣੇ ਅਤੇ ਭੇਸ ਬਦਲ ਰਹੀ ਹੈ। ਉਸ ਦੇ ਮਾਮੇ ਦਾ ਦਾਅਵਾ ਹੈ ਕਿ ਹਨੀਪ੍ਰੀਤ ਸ਼ਾਤਿਰ ਨਹੀਂ ਹੈ, ਇਸ ਲਈ ਉਹ ਇਕੱਲੀ ਕਿਤੇ ਵੀ ਲੁੱਕ-ਛੁਪ ਕੇ ਨਹੀਂ ਰਹਿ ਸਕਦੀ। ਅਜਿਹੀ ਹਾਲਤ 'ਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਹਨੀਪ੍ਰੀਤ ਨੂੰ ਕੌਣ ਬਚਾ ਰਿਹਾ ਹੈ?
ਹਨੀਪ੍ਰੀਤ ਦੇ ਵਕੀਲ ਪ੍ਰਦੀਪ ਆਰੀਆ ਦੇ ਦਿੱਲੀ 'ਚ ਲਾਜਪਤ ਨਗਰ ਸਥਿਤ ਦਫਤਰ 'ਚ ਦਿੱਲੀ ਪੁਲਸ ਦੀ ਇਕ ਟੀਮ ਜਾਂਚ ਕਾਰਜਾਂ 'ਚ ਜੁਟੀ ਹੋਈ ਹੈ। ਹਨੀਪ੍ਰੀਤ ਦੇ ਵਕੀਲ ਨੇ ਖੁਦ ਦਾਅਵਾ ਕੀਤਾ ਸੀ ਕਿ ਦਿੱਲੀ ਹਾਈ ਕੋਰਟ 'ਚ ਜ਼ਮਾਨਤ ਦੀ ਅਰਜ਼ੀ ਦਾਖਲ ਕਰਨ ਸਮੇਂ ਹਨੀਪ੍ਰੀਤ ਬੁਰਕੇ 'ਚ ਉਸ ਦੇ ਦਫਤਰ ਆਈ ਸੀ। ਹਨੀਪ੍ਰੀਤ ਦੇ ਦਫਤਰ 'ਚੋਂ ਬਾਹਰ ਨਿਕਲਣ ਪਿੱਛੋਂ ਪ੍ਰਦੀਪ ਉਸ ਦੇ ਪਿੱਛੇ ਦੌੜਦਾ ਨਜ਼ਰ ਆਇਆ ਸੀ।  26 ਸਤੰਬਰ ਨੂੰ ਦਿੱਲੀ ਹਾਈ ਕੋਰਟ 'ਚ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਪਿੱਛੋਂ 27 ਸਤੰਬਰ ਨੂੰ ਦਿੱਲੀ ਪੁਲਸ ਨੇ ਪ੍ਰਦੀਪ ਦੇ ਘਰ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਸੀ। ਹਨੀਪ੍ਰੀਤ 25 ਅਗਸਤ ਤੋਂ ਫਰਾਰ ਹੈ। ਪੁਲਸ ਨੇ ਉਸ ਵਿਰੁੱਧ ਕਈ ਧਾਰਾਵਾਂ ਲਾਈਆਂ ਹਨ ਪਰ 121 ਏ ਧਾਰਾ ਸਭ ਤੋਂ ਗੰਭੀਰ ਹੈ। ਇਹ ਧਾਰਾ ਦੇਸ਼ਧ੍ਰੋਹ ਨਾਲ ਸਬੰਧਿਤ ਹੈ।


Related News