ਜਨਮ ਤੋਂ ਅਪਾਹਜ ਇਸ ਨੌਜਵਾਨ ਦੇ ਹੌਂਸਲੇ ਨੂੰ ਤੁਸੀਂ ਵੀ ਕਰੋਗੇ ਸਲਾਮ

8/11/2020 2:32:56 PM

ਮਾਛੀਵਾੜਾ ਸਾਹਿਬ (ਟੱਕਰ) : ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ 'ਚ ਵਹਿ ਕੇ ਖੇਡਾਂ ਤੋਂ ਕੋਹਾਂ ਦੂਰ ਹੋ ਰਹੀ ਹੈ, ਉੱਥੇ ਮਾਛੀਵਾੜਾ ਦਾ ਇੱਕ ਨੌਜਵਾਨ ਦੇ ਜਨਮ ਤੋਂ ਅਪਾਹਜ ਤੇ ਗੂੰਗਾ ਹੋਣ ਦੇ ਬਾਵਜੂਦ ਹੌਂਸਲੇ ਬੁਲੰਦ ਹਨ ਅਤੇ ਇੱਕ ਵਧੀਆ ਫੁੱਟਬਾਲ ਖਿਡਾਰੀ ਬਣਨ ਦਾ ਜਨੂੰਨ ਉਸ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ, ਜੋ ਕਿ ਆਉਣ ਵਾਲੇ ਸਮੇਂ ’ਚ ਨੌਜਵਾਨਾਂ ਲਈ ਇੱਕ ਰਾਹ ਦਸੇਰਾ ਬਣ ਸਕਦਾ ਹੈ। ਮਾਛੀਵਾੜਾ ਦੀ ਇੰਦਰਾ ਕਾਲੋਨੀ ਦੇ ਗਰੀਬ ਪਰਿਵਾਰ 'ਚ ਅਜੈ ਕੁਮਾਰ ਦਾ ਜਨਮ 22 ਸਾਲ ਪਹਿਲਾਂ ਹੋਇਆ ਸੀ ਅਤੇ ਬਚਪਨ ਤੋਂ ਹੀ ਉਸ ਦੇ ਦੋਵੇਂ ਹੱਥ ਅਪਾਹਜ ਸਨ।

PunjabKesari

ਜਦੋਂ ਉਹ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਪਤਾ ਲੱਗਾ ਕਿ ਉਹ ਬੋਲਣ ਤੋਂ ਵੀ ਅਸਮਰੱਥ ਹੈ। ਅਪਾਹਜ ਅਜੈ ਕੁਮਾਰ ਦਾ ਪਿਤਾ ਚੰਚਲ ਕੁਮਾਰ ਨੀਟਾ, ਜੋ ਕਿ ਮਾਛੀਵਾੜਾ ਫੁੱਟਬਾਲ ਟੀਮ ਦਾ ਕੈਪਟਨ ਰਿਹਾ ਹੈ ਅਤੇ ਆਪਣੇ ਪਿਤਾ ਨੂੰ ਦੇਖਦਿਆਂ ਹੀ ਅਜੈ ਅੰਦਰ ਵੀ ਫੁੱਟਬਾਲ ਖੇਡਣ ਦਾ ਜਨੂੰਨ ਪੈਦਾ ਹੋਇਆ। ਕਰੀਬ 14 ਸਾਲ ਦੀ ਉਮਰ 'ਚ ਉਹ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਜਾ ਕੇ ਦੌੜ ਲਗਾਉਣ ਲੱਗਾ ਤੇ ਫੁੱਟਬਾਲ ਖੇਡਣ ਲੱਗਾ। ਸਰੀਰਕ ਅਪਾਹਜਤਾ ਨੂੰ ਉਸਨੇ ਆਪਣੇ ਜਨੂੰਨ 'ਚ ਰੁਕਾਵਟ ਨਾ ਬਣਨ ਦਿੱਤਾ ਅਤੇ ਉਹ ਰੋਜ਼ਾਨਾ ਸਟੇਡੀਅਮ ਦੇ 10 ਤੋਂ 12 ਚੱਕਰ ਲਗਾ ਦਿੰਦਾ ਹੈ, ਜਦੋਂ ਕਿ ਆਮ ਨੌਜਵਾਨ ਵੀ 5 ਤੋਂ 6 ਚੱਕਰ ਲਗਾ ਕੇ ਥੱਕ ਜਾਂਦੇ ਹਨ।
ਫੁੱਟਬਾਲ ਪ੍ਰਤੀ ਉਸਦਾ ਮੋਹ ਇੰਨਾ ਹੈ ਕਿ ਉਹ ਸਵੇਰੇ-ਸ਼ਾਮ ਸਟੇਡੀਅਮ 'ਚ ਆ ਕੇ ਲਗਾਤਾਰ 2-2 ਘੰਟੇ ਅਭਿਆਸ ਕਰਦਾ ਹੈ ਅਤੇ ਉਸ 'ਚ ਇਹ ਜਨੂੰਨ ਹੈ ਕਿ ਉਹ ਫੁੱਟਬਾਲ ਦਾ ਟਾਪ ਖਿਡਾਰੀ ਬਣੇ ਅਤੇ ਆਪਣੇ ਇਲਾਕੇ ਤੇ ਸੂਬੇ ਦਾ ਨਾਮ ਰੌਸ਼ਨ ਕਰ ਸਕੇ। ਘਰ 'ਚ ਅੱਤ ਦੀ ਗਰੀਬੀ ਤੇ ਪਿਤਾ ਮਜ਼ਦੂਰ ਹੋਣ ਕਾਰਨ ਇਸ ਫੁੱਟਬਾਲ ਪ੍ਰਤੀ ਜੋਸ਼ੀਲੇ ਨੌਜਵਾਨ ਅਜੈ ਨੂੰ ਕੋਈ ਵਧੀਆ ਕੋਚਿੰਗ ਨਹੀਂ ਮਿਲ ਰਹੀ ਅਤੇ ਜੇਕਰ ਪੰਜਾਬ ਸਰਕਾਰ ਤੇ ਅਕੈਡਮੀਆਂ ਇਸ ਨੌਜਵਾਨ ਲਈ ਉਪਰਾਲਾ ਕਰਨ ਤਾਂ ਇਹ ਫੁੱਟਬਾਲ ਤੇ ਹੋਰ ਖੇਡਾਂ ਦਾ ਵਧੀਆ ਖਿਡਾਰੀ ਬਣ ਸਕਦਾ ਹੈ।

ਪਿਤਾ ਚੰਚਲ ਕੁਮਾਰ ਨੀਟਾ ਨੇ ਦੱਸਿਆ ਕਿ ਉਸਦਾ ਪੁੱਤਰ ਅਜੈ ਕੁਮਾਰ ਅਪਾਹਜ ਹੋਣ ਦੇ ਬਾਵਜੂਦ ਵੀ ਵਧੀਆ ਖਿਡਾਰੀ ਬਣਨ ਦਾ ਸੁਪਨਾ ਦੇਖਦਾ ਹੈ ਪਰ ਗਰੀਬੀ ਅਤੇ ਵਧੀਆ ਕੋਚਿੰਗ ਕਾਰਨ ਉਹ ਉਸਨੂੰ ਇਹ ਸਹੂਲਤਾਵਾਂ ਮੁਹੱਈਆ ਨਹੀਂ ਕਰਵਾ ਸਕਦਾ, ਇਸ ਲਈ ਪੰਜਾਬ ਸਰਕਾਰ ਅਜਿਹੇ ਹੋਣਹਾਰ ਖਿਡਾਰੀਆਂ ਦੀ ਸਹਾਇਤਾ ਲਈ ਅੱਗੇ ਆਵੇ ਤਾਂ ਜੋ ਅਜੈ ਕੁਮਾਰ ਨੌਜਵਾਨਾਂ ਲਈ ਮਿਸਾਲ ਬਣ ਸਕੇ। ਇਸ ਤੋਂ ਇਲਾਵਾ ਚਰਨ ਕੰਵਲ ਸਪੋਰਟਸ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਜੱਜ ਅਤੇ ਸਟੇਡੀਅਮ ’ਚ ਖੇਡਣ ਆਉਂਦੇ ਹੋਰਨਾਂ ਖਿਡਾਰੀਆਂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਪਾਹਜ ਅਜੈ ਕੁਮਾਰ ਇੱਕ ਵਧੀਆ ਖਿਡਾਰੀ ਬਣ ਸਕਦਾ ਹੈ।
 


Babita

Content Editor Babita