ਲੁੱਟ ਮਚਾਉਣ ਵਾਲੇ ਅਕਾਲੀਆਂ ਦੀ ਹੁਣ ਨਹੀਂ ਹੋਵੇਗੀ ਖੈਰ : ਬਰਾੜ

Sunday, Feb 18, 2018 - 09:54 AM (IST)

ਲੁੱਟ ਮਚਾਉਣ ਵਾਲੇ ਅਕਾਲੀਆਂ ਦੀ ਹੁਣ ਨਹੀਂ ਹੋਵੇਗੀ ਖੈਰ : ਬਰਾੜ

ਬਾਘਾਪੁਰਾਣਾ (ਚਟਾਨੀ) - ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੈਪਟਨ ਸਰਕਾਰ ਦੇ ਪਾਰਦਰਸ਼ੀ ਤੇ ਕੁਸ਼ਲ ਪ੍ਰਬੰਧਾਂ ਵਾਲੇ ਰਾਜ-ਭਾਗ ਦੇਣ ਦੇ ਐਲਾਨ 'ਤੇ ਅਮਲ ਕਰਨ ਦੀ ਗੱਲ ਆਖਦਿਆਂ ਸਪੱਸ਼ਟ ਕੀਤਾ ਕਿ ਉਹ ਸਰਕਾਰੀ ਦਫਤਰਾਂ ਅੰਦਰ ਲੋਕਾਂ ਦੀ ਖੱਜਲ-ਖੁਆਰੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਅਤੇ ਹਫਤੇ 'ਚ ਦੋ ਦਿਨ ਉਹ ਦਫਤਰੀ ਪ੍ਰਬੰਧਾਂ ਦਾ ਖੁਦ ਜਾਇਜ਼ਾ ਲੈਣਗੇ। ਬਰਾੜ ਨੇ ਉਨ੍ਹਾਂ ਸਾਰੇ ਦਫਤਰਾਂ ਦੇ ਰਿਕਾਰਡ ਨੂੰ ਘੋਖਣ ਦੀ ਗੱਲ ਆਖੀ ਜਿਹੜੇ ਦਫਤਰਾਂ ਦੇ ਉੱਚ ਅਧਿਕਾਰੀਆਂ ਜਾਂ ਚੁਣੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਜਨਤਾ ਦੀਆਂ ਸਹੂਲਤਾਂ ਦਾ ਘੱਟ ਸਗੋਂ ਆਪਣੀਆਂ ਜੇਬਾਂ ਦਾ ਵੱਧ ਖਿਆਲ ਰੱਖਿਆ। 
ਉਨ੍ਹਾਂ ਕਿਹਾ ਕਿ ਜਿਹੜੇ ਸਥਾਨਕ ਅਕਾਲੀ ਆਗੂਆਂ ਨੇ ਆਪਣੇ ਸਿਆਸੀ ਪ੍ਰਭੂਆਂ ਦੇ ਸਹਾਰੇ ਸਮਾਜ ਵਿਰੋਧੀ ਕਾਰਵਾਈਆਂ 'ਚ ਮੂਹਰੇ ਹੋ ਕੇ ਹਿੱਸਾ ਲਿਆ, ਉਨ੍ਹਾਂ ਖਿਲਾਫ ਠੰਡੇ ਬਸਤੇ 'ਚ ਪਈਆਂ ਸਾਰੀਆਂ ਫਾਈਲਾਂ ਨੂੰ ਕਢਵਾ ਕੇ ਸਖਤ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਵਿਧਾਇਕ ਨੇ ਭ੍ਰਿਸ਼ਟ ਆਗੂਆਂ ਦੀਆਂ 10 ਸਾਲਾਂ ਦੀਆਂ ਗਤੀਵਿਧੀਆਂ ਦੀਆਂ ਪਰਤਾਂ ਨੂੰ ਉਧੇੜ ਕੇ ਕਾਰਵਾਈ ਕਰਵਾਉਣ ਲਈ ਪੁਲਸ ਦੇ ਅਫਸਰਾਂ ਨਾਲ ਵਿਚਾਰਾਂ ਸਾਂਝੀਆਂ ਕਰ ਕੇ ਰੂਪ-ਰੇਖਾ ਉਲੀਕੀ ਹੋਣ ਦੀ ਗੱਲ ਵੀ ਦੱਸੀ।  ਇਸ ਮੌਕੇ ਸ. ਬਰਾੜ ਨਾਲ ਜਗਸੀਰ ਸਿੰਘ ਕਾਲੇਕੇ, ਬਿੱਟੂ ਮਿੱਤਲ, ਡਾ. ਗੋਗੀ ਗਿੱਲ, ਨਾਇਬ ਸਿੰਘ ਸਰਪੰਚ ਅਜੀਤ ਸਿੰਘ ਆਦਿ ਹਾਜ਼ਰ ਸਨ।


Related News