ਹਾਫ ਮੈਰਾਥਨ ਨੂੰ ਵੈਟਰਨ ਐਥਲੀਟ ਫੌਜਾ ਸਿੰਘ ਅਤੇ ਆਈ. ਜੀ. ਰਾਏ ਨੇ ਝੰਡੀ ਦੇ ਕੇ ਕੀਤਾ ਰਵਾਨਾ

03/05/2018 8:11:59 AM

ਪਟਿਆਲਾ  (ਬਲਜਿੰਦਰ) - ਪਟਿਆਲਾ ਨੂੰ ਗਰੀਨ ਅਤੇ ਕਲੀਨ ਬਣਾਉਣ, ਜ਼ਰੂਰਤਮੰਦ ਬੱਚਿਆਂ ਨੂੰ ਸਿੱਖਿਆ ਅਤੇ ਮੈਡੀਕਲ ਦੇ ਖੇਤਰ ਤੋਂ ਇਲਾਵਾ ਕਈ ਖੇਤਰਾਂ ਵਿਚ ਬਿਹਤਰੀਨ ਸੇਵਾਵਾਂ ਕਰ ਰਹੀ ਜਨਹਿੱਤ ਕਮੇਟੀ ਵੱਲੋਂ ਅੱਜ ਬਾਰਾਂਦਾਰੀ ਵਿਖੇ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਾਫ ਮੈਰਾਥਨ ਨੂੰ ਹਰੀ ਝੰਡੀ ਦੇਣ ਲਈ ਵਿਸ਼ੇਸ਼ ਤੌਰ 'ਤੇ 106 ਸਾਲ ਦੇ ਵਿਸ਼ਵ ਰਿਕਾਰਡ ਹੋਲਡਰ ਵੈਟਰਨ ਅਥਲੀਟ ਫੌਜਾ ਸਿੰਘ ਅਤੇ ਆਈ. ਜੀ. ਪਟਿਆਲਾ ਜ਼ੋਨ ਏ. ਐੱਸ. ਰਾਏ ਪਹੁੰਚੇ। ਜਦੋਂ ਕਿ ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵੀ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਦੁਨੀਆ ਲਈ ਮਿਸਾਲ ਬਣੇ ਹੋਏ ਮਹਾਨ ਵੈਟਰਨ ਐਥਲੀਟ ਫੌਜਾ ਸਿੰਘ ਨੇ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਰਨਿੰਗ ਸਭ ਤੋਂ ਬਿਹਤਰੀਨ ਐਕਸਰਸਾਈਜ਼ ਹੈ। ਉਨ੍ਹਾਂ ਜਨਹਿੱਤ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ।
ਆਈ. ਜੀ. ਏ. ਐੱਸ. ਰਾਏ ਨੇ ਕਿਹਾ ਕਿ ਜਨਹਿੱਤ ਕਮੇਟੀ ਵੱਲੋਂ ਵੈਸੇ ਤਾਂ ਕਈ ਅਜਿਹੇ ਪ੍ਰਾਜੈਕਟ ਚਲਾਏ ਜਾ ਰਹੇ ਹਨ, ਜੋ ਕਿ ਸਿੱਧੇ ਤੌਰ 'ਤੇ ਪਟਿਆਲਵੀਆਂ ਲਈ ਫਾਇਦੇਮੰਦ ਹਨ ਪਰ ਜਿਥੋਂ ਤੱਕ ਸਿਹਤ ਦਾ ਸਬੰਧ ਹੈ ਤਾਂ ਇਸ ਤਰ੍ਹਾਂ ਦੇ ਈਵੈਂਟਾਂ ਦੇ ਆਯੋਜਨਾਂ ਦੇ ਨਾਲ ਨੌਜਵਾਨਾਂ ਨੂੰ ਕਾਫੀ ਜ਼ਿਆਦਾ ਉਤਸ਼ਾਹ ਮਿਲਦਾ ਹੈ। ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਜਨਹਿੱਤ ਉਨ੍ਹਾਂ ਸੰਸਥਾਵਾਂ ਵਿਚੋਂ ਇਕ ਹੈ, ਜਿਹੜੀ ਸਹੀ ਅਰਥਾਂ ਵਿਚ ਸਮਾਜ ਸੇਵਾ ਕਰ ਰਹੀਆਂ ਹਨ।
ਇਸ ਮੌਕੇ ਜਨਹਿੱਤ ਵੱਲੋਂ ਸ਼ੁਸੀਲ ਕੁਮਾਰ ਨਾਂ ਦੇ ਜ਼ਰੂਰਤਮੰਦ ਵਿਅਕਤੀ ਨੂੰ ਟਰਾਈ ਸਾਈਕਲ ਵੀ ਦਿੱਤਾ ਗਿਆ। ਜਨਹਿੱਤ ਕਮੇਟੀ ਦੇ ਪ੍ਰਧਾਨ ਐੱਸ. ਕੇ. ਗੌਤਮ ਨੇ ਆਈਆਂ ਸ਼ਖਸੀਅਤਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਅਤੇ ਜਨਹਿੱਤ ਵੱਲੋਂ 1 ਅਪ੍ਰੈਲ 2018 ਨੂੰ ਆਯੋਜਿਤ ਕੀਤੀ ਜਾਣ ਵਾਲੀ 6ਵੀਂ ਹਾਫ ਮੈਰਾਥਨ ਵਿਚ ਭਾਗ ਲੈਣ ਲਈ ਸੱਦਾ ਪੱਤਰ ਵੀ ਦਿੱਤਾ।
ਅੰਤ ਵਿਚ ਕਮੇਟੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਫੌਜਾ ਸਿੰਘ, ਆਈ. ਏ. ਐੱਸ. ਰਾਏ, ਸਾਬਕਾ ਇਨਕਮ ਟੈਕਸ ਕਮਿਸ਼ਨਰ ਜਗਤਾਰ ਸਿੰਘ, ਡਾ. ਸੁਧੀਰ ਵਰਮਾ, ਐੱਸ. ਐੱਸ. ਆਨੰਦ, ਸਟੇਟ ਬੈਂਕ ਪਟਿਆਲਾ ਦੇ ਡੀ. ਜੀ. ਐੱਮ. ਵਿਨੋਦ ਚੋਪੜਾ, ਸਿਮਰਨਜੀਤ ਸਿੰਘ, ਡਾ. ਕੰਵਰਜੋਤ ਗਰੋਵਰ ਅਤੇ ਅਮਰਜੀਤ ਕੌਰ ਸਾਹੀਵਾਲ ਦਾ ਧੰਨਵਾਦ ਕੀਤਾ। ਹਾਫ ਮੈਰਾਥਨ ਨੂੰ ਸਫਲ ਬਣਾਉਣ ਵਿਚ ਸੰਸਥਾ ਦੇ ਪੈਟਰਨ ਬੀ. ਐੱਸ. ਸੈਣੀ, ਜੁਆਇੰਟ ਸਕੱਤਰ ਸੁਰਵਿੰਦਰ ਸਿੰਘ ਛਾਬੜਾ, ਪ੍ਰੈੱਸ ਸਕੱਤਰ ਰਵਿੰਦਰ ਸਿੰਘ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਗਿਆ।


Related News