ਘਰ ’ਚ ਹਥਿਆਰਬੰਦ ਅੱਧੀ ਦਰਜਨ ਲੁਟੇਰਿਆਂ ਵੱਲੋਂ ਡਾਕਾ ਮਾਰਨ ਦੀ ਕੋਸ਼ਿਸ਼
Sunday, Feb 02, 2025 - 04:35 AM (IST)
ਤਰਨਤਾਰਨ (ਰਮਨ) - ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਹੈ, ਜਿਸ ਕਾਰਨ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ’ਤੇ ਘਰ ਵਿਚ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਜੋੜੇ ਵੱਲੋਂ ਰੌਲਾ ਪਾਉਣ ਦੌਰਾਨ ਮੁਲਜ਼ਮ ਮੌਕੇ ਤੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਿਨਾਂ ਹੀ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਸ ਨੇ 5 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਮਨਦੀਪ ਸਿੰਘ ਪੁੱਤਰ ਧੀਰਾ ਸਿੰਘ ਵਾਸੀ ਗਾਰਡਨ ਕਾਲੋਨੀ ਪੱਟੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਬਤੌਰ ਖੇਤੀਬਾੜੀ ਵਿਕਾਸ ਅਫਸਰ ਵਜੋਂ ਬਲਾਕ ਵਲਟੋਹਾ ਵਿਖੇ ਡਿਊਟੀ ਕਰਦਾ ਹੈ ਤੇ ਬੀਤੇ ਕੱਲ ਦੁਪਹਿਰ ਕਰੀਬ 2 ਵਜੇ ਆਪਣੀ ਕੋਠੀ ਦੇ ਕਮਰੇ ’ਚ ਮੌਜੂਦ ਸੀ ਤਾਂ ਉਸ ਦੇ ਪਿਤਾ ਧੀਰਾ ਸਿੰਘ ਜੋ ਬਜ਼ੁਰਗ ਹਨ ਤੇ ਮਾਤਾ ਸੁਰਜੀਤ ਕੌਰ ਕੋਠੀ ਦੇ ਬਾਹਰ ਬਣੇ ਵਰਾਂਡੇ ਵਿਚ ਬੈਠੇ ਸਨ। ਇਸ ਦੌਰਾਨ ਇਕ ਆਲਟੋ ਕਾਰ ਸਿਲਵਰ ਰੰਗ ਜਿਸ ਦੀ ਨੰਬਰ ਪਲੇਟ ’ਤੇ ਮਿੱਟੀ ਲੱਗੀ ਹੋਈ ਸੀ, ’ਚ ਸਵਾਰ 5 ਵਿਅਕਤੀ ਘਰ ਦੇ ਬਾਹਰ ਆਏ, ਜਿਨ੍ਹਾਂ ਵਿਚੋਂ ਇਕ ਨੇ ਘਰ ਦਾ ਦਰਵਾਜ਼ਾ ਖੜਕਾਇਆ।
ਜਦੋਂ ਉਸ ਦੇ ਪਿਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਘਰ ਵਿਚ ਦਾਖਲ ਹੋਏ ਇਕ ਵਿਅਕਤੀ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਤੁਹਾਡੇ ਕੋਲ ਸੋਨੂ ਦੇ ਘਰ ਦੀਆਂ ਚਾਬੀਆਂ ਮੌਜੂਦ ਹਨ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਇਸ ਬਾਰੇ ਮੈਨੂੰ ਨਹੀਂ ਪਤਾ ਹੈ। ਇਸ ਦੌਰਾਨ ਉਸ ਨੌਜਵਾਨ ਨੇ ਉਸ ਦੇ ਪਿਤਾ ਨੂੰ ਧੱਕਾ ਮਾਰਦੇ ਹੋਏ ਹੇਠਾਂ ਸੁੱਟ ਦਿੱਤਾ ਤੇ ਛਾਤੀ ਉੱਪਰ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਵਾਰੀ-ਵਾਰੀ 4 ਹੋਰ ਨੌਜਵਾਨ ਘਰ ਦੇ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਵੱਲੋਂ ਉਸ ਦੀ ਮਾਤਾ ਦਾ ਮੂੰਹ ਕੱਪੜੇ ਨਾਲ ਦੱਬ ਲਿਆ ਗਿਆ, ਜਿਨ੍ਹਾਂ ਵੱਲੋਂ ਮੁਲਜ਼ਮ ਨੂੰ ਧੱਕਾ ਮਾਰਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ।
ਉਸ ਦੇ ਪਿਤਾ ਵੱਲੋਂ ਮੁਲਜ਼ਮ ਨੂੰ ਧੱਕਾ ਮਾਰਨ ਉਪਰੰਤ ਉਹ ਗਲੀ ਵਿਚ ਆ ਗਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਵੇਖਦੇ ਹੋਏ ਸਾਰੇ ਵਿਅਕਤੀ ਆਪਣੀ ਕਾਰ ਵਿਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਉਸ ਨੇ ਆਪਣੀ ਲਾਇਸੈਂਸੀ ਰਾਈਫਲ ਨਾਲ ਮੁਲਜ਼ਮਾਂ ਦਾ ਘਰੋਂ ਬਾਹਰ ਆ ਕੇ ਪਿੱਛਾ ਵੀ ਕੀਤਾ ਪਰ ਮੁਲਜ਼ਮ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਰਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮ ਉਸ ਦੇ ਘਰ ਵਿਚ ਡਾਕਾ ਮਾਰਨ ਦੀ ਨੀਅਤ ਨਾਲ ਦਾਖਲ ਹੋਏ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਮਨਦੀਪ ਸਿੰਘ ਦੇ ਬਿਆਨਾਂ ਹੇਠ 5 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿਚ ਲੈਂਦੇ ਹੋਏ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।